• 10:19 am
Go Back

– ਮੈਂ ਹੁਣ ਆਪਣਾ ਅਸਤੀਫ਼ਾ ਕਦੀ ਵੀ ਵਾਪਸ ਨਹੀਂ ਲਵਾਂਗਾ: ਸਾਂਸਦ ਸੰਗਰੂਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਨੂੰ ਇੱਕ ਅਜਿਹਾ ਲੱਕੜਬੱਘਾ ਕਰਾਰ ਦਿੱਤਾ ਹੈ ਜੋ ਸ਼ੇਰਾਂ ਵੱਲੋਂ ਮਾਰੇ ਗਏ ਸ਼ਿਕਾਰ ਨੂੰ ਧੋਖੇ ਨਾਲ ਖੋਹ ਕੇ ਲੈ ਜਾਂਦਾ ਹੈ। ਮਾਨ ਇਥੇ ਮੀਡੀਆ ਦੇ ਇੱਕ ਖਾਸ ਪ੍ਰੋਗਰਾਮ ‘ਚ ਸ਼ਿਰਕਤ ਕਰਨ ਆਏ ਹੋਏ ਸਨ ਭਗਵੰਤ ਮਾਨ ਨੇ ਮੀਡੀਆ ਦੇ ਸਵਾਲ ਜਵਾਬ ਦੌਰਾਨ ਕਿਹਾ ਕਿ ਜਿਹੜੇ ਐੱਮਐਲਏ ਸੁਖਪਾਲ ਖਹਿਰਾ ਦੇ ਨਾਲ ਜਾ ਰਲੇ ਹਨ ਉਨ੍ਹਾਂ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰੈਲੀਆਂ ਉਹ ਕਰਦੇ ਰਹੇ ਤੇ ਅੱਜ ਜਦੋਂ ਇਹ ਲੋਕ ਐੱਮਐੱਲਏ ਚੁਣੇ ਜਾ ਚੁੱਕੇ ਹਨ ਤਾਂ ਇਨ੍ਹਾਂ ਨੂੰ ਸੁਖਪਾਲ ਖਹਿਰਾ ਨੇ ਆਪਣੇ ਨਾਲ ਰਲਾ ਲਿਆ ਹੈ। ਇਹ ਬਿਲਕੁਲ ਇੰਝ ਹੋਇਆ ਹੈ ਜਿਵੇਂ ਜੰਗਲ ਵਿੱਚ ਸ਼ਿਕਾਰ ਤਾਂ ਸ਼ੇਰ ਮਾਰਦਾ ਹੈ ਪਰ ਉਸ ਮਾਰੇ ਗਏ ਸ਼ਿਕਾਰ ਨੂੰ ਕੁਝ ਲੱਕੜਬਘੇ ਖੋਹ ਕੇ ਲੈ ਜਾਂਦੇ ਹਨ ਤੇ ਸ਼ੇਰ ਵਿਚਾਰਾ ਚੁੱਪ ਚਾਪ ਵੇਖਣ ਤੋਂ ਇਲਾਵਾ ਕੁਝ ਨਹੀਂ ਕਰ ਪਾਉਂਦਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਖਪਾਲ ਖਹਿਰਾ ਤੇ ਉਸਦੇ ਨਾਲ ਰਲੇ ਹੋਏ ਵਿਧਾਇਕਾਂ ਨੂੰ ਪਾਰਟੀ ਦੀ ਮੁੱਖ ਧਾਰਾ ‘ਚ ਪਰਤ ਆਉਣ ਲਈ ਸਮਾਂ ਦੇ ਰਹੀ ਹੈ ਪਰ ਜੇਕਰ ਉਹ ਵਾਪਸ ਨਾ ਮੁੜੇ ਤਾਂ ਸੁਖਪਾਲ ਖਹਿਰਾ ਦੇ ਨਾਲ ਉਨ੍ਹਾਂ ਵਿਧਾਇਕਾਂ ਤੇ ਵੀ ਕਾਰਵਾਈ ਹੋਣੀ ਤੈਅ ਹੈ ਜਿਨ੍ਹਾਂ ਨੇ ਬਾਗੀ ਸੁਰ ਅਪਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਇਹ ਸਮਝ ਲੈਣ ਕਿ ਪਾਰਟੀ ਨੇ ਪਹਿਲਾ ਵੀ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਵਰਗੇ ਲੋਕਾਂ ਨੂੰ ਅਨੁਸ਼ਾਸਨ ਹੀਣਤਾ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਹੋਇਆ ਹੈ ਤੇ ਅੱਜ ਵੀ ਉਹ ਵੱਡੇ ਫੈਸਲੇ ਲੈਣੋ ਪਿੱਛੇ ਨਹੀਂ ਹਟੇਗੀ।ਭਗਵੰਤ ਮਾਨ ਅਨੁਸਾਰ ਉਹ ਖੁਦ ਇਹ ਚਾਹੁੰਦੇ ਹਨ ਕਿ ਪਾਰਟੀ ਇੱਕਜੁੱਟ ਹੋਵੇ ਤੇ ਖਹਿਰਾ ਅਤੇ ਉਸਦੇ ਸਾਥੀ ਵਿਧਾਇਕ ਆਪਣੀ ਗਲਤੀ ਦਾ ਅਹਿਸਾਸ ਕਰਕੇ ਪਾਰਟੀ ਦੀਆਂ ਨੀਤੀਆਂ ਅਨੁਸਾਰ ਚੱਲਣ। ਭਗਵੰਤ ਮਾਨ ਨੇ ਇੱਕ ਵਾਰ ਫਿਰ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਹ ਹੁਣ ਆਮ ਵਲੰਟੀਅਰ ਵਾਂਗ ਕੰਮ ਕਰਨਗੇ ਤੇ ਪੰਜਾਬ ਦੇ ਕਨਵੀਨਰ ਵੱਜੋਂ ਦਿੱਤਾ ਗਿਆ ਅਸਤੀਫ਼ਾ ਹੁਣ ਕਦੇ ਵੀ ਵਾਪਿਸ ਨਹੀਂ ਲੈਣਗੇ।

Facebook Comments
Facebook Comment