• 6:01 am
Go Back

ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਇਲਾਜ ਭਾਵੇਂ ਨਾ ਮਿਲੇ, ਪਰ ਹੁਣ ਮ੍ਰਿਤਕਾਂ ਨੂੰ ‘ਮੁਫ਼ਤ ਕਫ਼ਨ’ ਜ਼ਰੂਰ ਮਿਲੇਗਾ। ਪੰਜਾਬ ਦੇ ਸਿਹਤ ਵਿਭਾਗ ਦਾ ਨਵਾਂ ਫੈਸਲਾ ਹੈ ਕਿ ਗਰੀਬ ਲੋਕਾਂ ਨੂੰ ਮ੍ਰਿਤਕ ਦੇਹ ਢਕਣ ਵਾਸਤੇ ‘ਮੁਫ਼ਤ ਕਫ਼ਨ’ ਦਿੱਤਾ ਜਾਵੇਗਾ। ਇਸਦੇ ਨਾਲ ਹੀ ਕੈਪਟਨ ਸਰਕਾਰ ਵੱਲੋਂ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਟਰਾਂਸਪੋਰਟ ਦੀ ਸਹੂਲਤ ਲਈ 500 ਰੁਪਏ ਨਕਦ ਦਿੱਤੇ ਜਾਣਗੇ। ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੇ ਕੁਝ ਦਿਨ ਪਹਿਲਾਂ ਪੰਜਾਬ ਭਰ ਦੇ ਸਿਵਲ ਸਰਜਨਾਂ ਨੂੰ ਪੱਤਰ ਭੇਜ ਕੇ ਹਦਾਇਤਾਂ ਦਿੱਤੀਆਂ ਹਨ। ਬੇਸ਼ੱਕ ਇਸ ਨਾਲ ਗਰੀਬ ਲੋਕਾਂ ਨੂੰ ਰਾਹਤ ਮਿਲੇਗੀ ਪ੍ਰੰਤੂ ਸਰਕਾਰ ਨੇ ਇਸ ਵਾਸਤੇ ਬਜਟ ਦਾ ਕਿਧਰੇ ਕੋਈ ਜ਼ਿਕਰ ਨਹੀਂ ਕੀਤਾ ਹੈ।ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਨੇ ਸਰਕਾਰੀ ਹਸਪਤਾਲਾਂ ‘ਚੋਂ ਮ੍ਰਿਤਕ ਦੇਹਾਂ ਨੂੰ ਸਨਮਾਨ ਸਹਿਤ ਲਿਜਾਣ ਸਬੰਧੀ ਹਦਾਇਤਾਂ ਦਿੱਤੀਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਸਿਵਲ ਸਰਜਨਾਂ ਨੂੰ ਆਖਿਆ ਗਿਆ ਹੈ ਕਿ ਦੇਹਾਂ ਵਾਸਤੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇ। ਪ੍ਰੰਤੂ ਕਿਸੇ ਵੀ ਸਰਕਾਰੀ ਹਸਪਤਾਲ ‘ਚੋਂ ਮ੍ਰਿਤਕ ਦੇਹ ਲਿਜਾਣ ਵਾਲੀ ਵੈਨ ਨਹੀਂ ਹੈ। ਪੰਜਾਬ ਦੇ ਗੁਰਦਾਸਪੁਰ ਸਮੇਤ ਇੱਕ-ਦੋ ਜ਼ਿਲ੍ਹਿਆਂ ਵਿੱਚ ਹੀ ਇਹ ਵੈਨਾਂ ਹਨ, ਜੋ ਦਾਨੀ ਸੱਜਣਾਂ ਨੇ ਦਿੱਤੀਆਂ ਹੋਈਆਂ ਹਨ। ਇਹ ਵੀ ਲਿਖਿਆ ਹੈ ਕਿ ਜੇਕਰ ਸਰਕਾਰੀ ਹਸਪਤਾਲਾਂ ਕੋਲ ਇਹ ਵੈਨ ਨਹੀਂ ਤਾਂ ਗਰੀਬ ਲੋਕਾਂ ਨੂੰ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਟਰਾਂਸਪੋਰਟ ਲਈ 500 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇ। ਪੱਤਰ ਵਿੱਚ ਕਿਧਰੇ ਜ਼ਿਕਰ ਨਹੀਂ ਕਿ ਇਹ ਰਾਸ਼ੀ ਕਿਹੜੇ ਫੰਡਾਂ ‘ਚੋਂ ਦਿੱਤੀ ਜਾਵੇ ਅਤੇ ਨਾ ਹੀ ਫੰਡਾਂ ਸਬੰਧੀ ਕੋਈ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਐਮ.ਡੀ. ਵੱਲੋਂ ਜਾਰੀ ਪੱਤਰ ਵਿਚਲੇ ਆਦੇਸ਼ਾਂ ਦੀ ਪਾਲਣਾ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣਾ ਬਾਕੀ ਹੈ ਪ੍ਰੰਤੂ ਇਹ ਫੰਡ ‘ਯੂਜ਼ਰਜ਼ ਫੰਡਾਂ’ ਵਿੱਚੋਂ ਹੀ ਵਰਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਹਸਪਤਾਲਾਂ ਕੋਲ ਵੈਨਾਂ ਨਹੀਂ ਹਨ, ਜਿਸ ਕਰਕੇ ਗਰੀਬ ਪਰਿਵਾਰਾਂ ਨੂੰ ਨਕਦ ਰਾਸ਼ੀ ਹੀ ਦਿੱਤੀ ਜਾਵੇਗੀ।

Facebook Comments
Facebook Comment