• 8:48 pm
Go Back

ਵਾਸ਼ਿੰਗਟਨ : ਇਹ ਤਾਂ ਤੁਸੀਂ ਜਾਣਦੇ ਹੀ ਹੋਵੋਂਗੇ ਕਿ ਕਿਸੇ ਵੀ ਵੱਡੇ ਕਸਬੇ ਅੰਦਰ ਉੱਥੋਂ ਦਾ ਪ੍ਰਬੰਧ ਚਲਾਉਣ ਲਈ ਇੱਕ ਮੇਅਰ ਦੀ ਚੋਣ ਹੁੰਦੀ ਹੈ ਤੇ ਉਹ ਚੋਣ ‘ਚ ਹਿੱਸਾ ਇਨਸਾਨਾਂ ਵੱਲੋਂ ਹੀ ਲਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਕਸਬੇ ਦਾ ਮੇਅਰ ਚੁਣਿਆ ਜਾਣਾ ਹੈ ਉਸ ਕਸਬੇ ਦੀ ਦਾਅਵੇਦਾਰੀ ਕਿਸੇ ਜਾਨਵਰ ਵੱਲੋਂ ਪੇਸ਼ ਕਰ ਦਿੱਤੀ ਹੋਵੇ? ਜੇ ਨਹੀਂ ਤਾਂ ਆਓ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਮਸਲੇ ਤੋਂ ਜਾਣੂ ਕਰਵਾਉਦੇਂ ਹਾਂ। ਦਰਅਸਲ ਇਹ ਮਾਮਲਾ ਹੈ ਅਮਰੀਕਾ ਦੇ ਵਰਮੋਂਟ ‘ਚ ਪੈਂਦੇ ਫੇਅਰ ਹੈਵਨ ਕਸਬੇ ਦਾ, ਜਿੱਥੇ ਇੱਕ ਹਫਤੇ ਲਈ ਮੇਅਰ ਦੇ ਅਹੁਦੇ ‘ਤੇ ਇੱਕ ਲਿੰਕਨ ਨਾਂ ਦੇ ਬੱਕਰੇ ਨੂੰ ਤਾਇਨਾਤ ਕੀਤਾ ਗਿਆ ਹੈ। ਉੱਥੋਂ ਦੇ ਇੱਕ ਮੁੱਖ ਅਧਿਕਾਰੀ ਨੇ ਇਹ ਆਸ ਜਤਾਈ ਹੈ ਕਿ ਲੋਕਤੰਤਰ ‘ਚ ਇਹ ਜਾਨਵਰ ਦੀ ਚੋਣ ਇੱਕ ਸਬਕ ਵਜੋਂ ਕੰਮ ਕਰੇਗੀ।

ਦੱਸ ਦਈਏ ਕਿ ਵਰਮੋਂਟ ਦੇ ਇਸ ਕਸਬੇ ‘ਚ ਬੀਤੇ ਮੰਗਲਵਾਰ ਨੂੰ ਮੇਅਰ ਦੇ ਅਹੁਦੇ ਲਈ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ‘ਚ ਦਿਲਚਸਪ ਗੱਲ ਇਹ ਰਹੀ ਕਿ ਇਸ ਚੋਣ ਲਈ 15 ਦਾਅਵੇਦਾਰ ਸਨ ਤੇ ਉਹ ਵੀ ਜਾਨਵਰ। ਭਾਵ ਕਿ ਇਨ੍ਹਾਂ ਚੋਣਾਂ ‘ਚ ਇਸ ਲਿੰਕਨ ਨਾਮ ਦੇ ਬੱਕਰੇ ਤੋਂ ਇਲਾਵਾ ਕੁੱਤੇ, ਬਿੱਲੀਆਂ ਆਦਿ ਹੋਰ ਕਈ ਜਾਨਵਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਇਸ ਲਿੰਕਨ ਨਾਮ ਦੇ ਬੱਕਰੇ ਨੇ ਜਿੱਤ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਿਕ ਇਸ 2500 ਦੇ ਕਰੀਬ ਅਬਾਦੀ ਵਾਲੇ ਇਲਾਕੇ ‘ਚ ਕੋਈ ਵੀ ਮੇਅਰ ਨਹੀਂ ਸੀ ਅਤੇ ਇੱਥੋਂ ਦੀ ਪ੍ਰਬੰਧਕੀ ਦਾ ਕੰਮ ਜੋਸੈਫ ਗੁਟੇਰ ਵੱਲੋਂ ਕੀਤਾ ਜਾਂਦਾ ਸੀ। ਦਰਅਸਲ ਗੁਟੇਰ ਨੇ ਮੇਅਰ ਦੀ ਚੋਣ ਲਈ ਜਾਨਵਰਾਂ ਦਰਮਿਆਨ ਚੋਣ ਲੜਾਉਣ ਦਾ ਵਿਚਾਰ ਇੱਕ ਅਖ਼ਬਾਰ ‘ਚੋਂ ਲਿਆ ਸੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਚੋਣ ਦਾ ਮਕਸਦ ਖੇਡ ਦਾ ਮੈਦਾਨ ਬਣਾਉਣ ਲਈ ਚੰਦਾ ਇਕੱਠਾ ਕਰਨਾ ਹੈ। ਭਾਵੇਂ ਕਿ ਚੰਦਾ ਇਕੱਠਾ ਕੀਤੇ ਜਾਣ ਸਮੇਂ ਸਿਰਫ 100 ਡਾਲਰ ਹੀ ਇਕੱਠੇ ਕੀਤੇ ਜਾ ਸਕੇ ਪਰ ਗੁਟੇਰ ਨੇ ਦੱਸਿਆ ਕਿ ਉਸ ਨੂੰ ਬਿਲਕੁਲ ਵੀ ਦੁੱਖ ਨਹੀਂ ਹੈ । ਉਨ੍ਹਾਂ ਕਿਹਾ ਕਿ ਬੱਚਿਆਂ ‘ਚ ਰਾਜਨੀਤੀ ਲਈ ਦਿਲਚਸਪੀ ਪੈਦਾ ਕਰਨ ਦਾ ਇਹ ਇੱਕ ਵਧੀਆ ਤਰੀਕਾ ਹੈ।

 

 

Facebook Comments
Facebook Comment