• 2:08 pm
Go Back

ਨਾਨੀ ਬਹੁਤ ਹੀ ਪਿਆਰਾ ਸ਼ਬਦ ਹੈ। ਜਿਵੇਂ ਸ਼ਹਿਦ ਨਾਲ ਮੂੰਹ ਭਰ ਗਿਆ ਹੋਵੇ।ਨਾਨੀ ਉਹ ਸਖਸ਼ੀਅਤ ਜਿਸਦੇ ਬਿਨ੍ਹਾਂ ਨਾਨਕੇ ਹੀ ਅਧੂਰੇ ਹੁੰਦੇ ਨੇ ।ਮਾਂ ਤੋਂ ਵੱਧ ਕੇ ਪਿਆਰ ਕਰਦੀ ਆ ਨਾਨੀ ਮਾਂ, ਨਾਨਕਿਆਂ ‘ਚ ਵੀ ਦੋਹਤੇ- ਦੋਹਤੀਆਂ ਨੂੰ ਜੇਕਰ ਕੋਈ ਸੱਭ ਤੋਂ ਜਿਆਦਾ ਪਿਆਰ ਕਰਨ ਵਾਲਾ ਹੁੰਦਾ ਤਾਂ ਉਹ ਹੁੰਦੀ ਹੈ ਨਾਨੀ ਮਾਂ।’ਨਾਨਕੇ’ ਇੱਕ ਐਸਾ ਸ਼ਬਦ ਹੈ ਜਿਸਦੇ ਜ਼ਿਹਨ ਵਿੱਚ ਆਉਂਦਿਆਂ ਹੀ ਖੁੱਲਾ-ਡੁੱਲਾ ਖਾਣਾ ਪੀਣਾ, ਖੂਬ-ਮਸਤੀਆਂ ਤੇ ਰੱਜਵੇਂ ਪਿਆਰ ਦਾ ਖਿਆਲ ਆਉਂਦਾ ਹੈ। ਜਿਵੇਂ ਬਚਪਨ ਵਿੱਚ ਕਹਿੰਦੇ ਹੁੰਦੇ ਸੀ:-
ਨਾਨਕੇ ਘਰ ਜਾਵਾਂਗੇ,
ਲੱਡੂ ਪੇੜੇ ਖਾਵਾਂਗੇ,
ਮੋਟੇ ਹੋ ਕੇ ਆਵਾਂਗੇ।
‘ਤੇ ਜਦੋਂ ਨਾਨਕਿਆਂ ਤੋਂ ਘਰ ਆਉਣਾ ਓਦੋਂ ਦਾਦਕਿਆਂ ਨੇ ਮਜਾਕ ‘ਚ ਕਹਿ ਦੇਣਾ ਕੀ ਖਵਾਇਆ ਫਿਰ ਤੇਰੀ ਨਾਨੀ ਨੇ।ਤਰ੍ਹਾਂ ਤਰਾਂ ਦਾ ਮਜ਼ਾਕ ਸੱਭ ਨੇ ਕਰਨੇ। ਨਾਨਕਿਆਂ ਬਾਰੇ ਜੇ ਕੁੱਝ ਯਾਦ ਆਉਂਦਾ ਸੱਭ ਤੋਂ ਵੱਧ ਤਾਂ ਉਹ ਹੈ ਮੇਰੀ ਪਿਆਰੀ ਨਾਨੀ। ਨਾਨੀ ਦੇ ਚਿਹਰੇ ਤੇ ਆਪਣੇ ਦੋਹਤੇ ਦੋਹਤੀਆਂ ਵਿੱਚ ਆਪਣੀ ਧੀ ਦਾ ਅਕਸ ਦੇਖ ਖੁਸ਼ੀ ਤੇ ਸਕੂਨ, ਨਾਨੇ ਦੀਆਂ ਮਿੱਠੀਆਂ-ਪਿਆਰੀਆਂ ਝਿੜਕਾਂ, ਹਾਸਾ ਠੱਠਾ ਤੇ ਮਾਮਿਆਂ ਨੂੰ ਰੱਜ ਕੇ ਤੰਗ ਕਰਨਾ, ਸਿਰ ‘ਚ ਗਲੀਆਂ ਕਰਨ ਵਾਲੀ ਗੱਲ ਕਹਿ ਲਉ ਜਾਂ ਕਹਿ ਲਉ ਸਿਰ ਤੇ ਨੱਚਣਾ…..ਤੇ ਮਾਸੀਆਂ ਮਾਮੀਆਂ ਨਾਲ ਪਿਆਰ ਸ਼ਰਾਰਤ ਤੇ ਨੋਕ ਝੋਕ। ਕਿੰਨਾਂ ਪਿਆਰਾ ਜਿਹਾ ਮਾਹੌਲ ਲੱਗਦਾ ਆ ਜਿਵੇਂ ਪੂਰਾ ਸੰਸਾਰ ਆ ਸਮਾ ਗਿਆ ਹੋਵੇ ਸਿਰਫ਼ ਨਾਨਕੇ ਸ਼ਬਦ ਵਿੱਚ।
ਮੈਨੂੰ ਹਮੇਸ਼ਾ ਲੱਗਿਆ ਹੈ ਕਿ ਸਾਡੇ ਹੋਰ ਬਹੁਤ ਪਿਆਰੇ ਰਿਸ਼ਤੇ ਨੇ ਮਾਂ-ਪਿਉ, ਦਾਦਾ ਦਾਦੀ, ਭੂਆ, ਮਾਸੀਆਂ ਤੇ ਹੋਰ ਕਈ .. ਪਰ ਮੇਰਾ ਜੇ ਸੱਭ ਤੋਂ ਵੱਧ ਗੂੜਾ ਰਿਸ਼ਤਾ ਹੈ ਤਾਂ ਉਹ ਹੈ ਮੇਰੀ ਨਾਨੀ।ਮੇਰੀ ਨਾਨੀ ਮੇਰੀ ਜਿੰਦਗੀ ਦੀ ਉਹ ਇਨਸਾਨ ਹੈ ਜਿਸਨੂੰ ਮੈ ਦੁਨੀਆਂ ‘ਚ ਸੱਭ ਤੋਂ ਵੱਧ ਪਿਆਰ ਕਰਦੀ ਹਾਂ।ਜਦੋਂ ਛੋਟੇ ਹੁੰਦੇ ਸੀ ਤਾਂ ਨਾਨੀ ਨੇ ਛੁੱਟੀਆਂ ‘ਚ ਲੈ ਜਾਣਾ। ਹਰ ਗੱਲ ‘ਤੇ ਪਿਆਰ ਵੀ ਪੂਰਾ ਕਰਨਾ ‘ਤੇ ਝਿੱੜਕਣਾ ਵੀ। ਝਿੱੜਕਣਾ ਇਸ ਲਈ ਕਿ ਕੋਈ ਹੋਰ ਨਾ ਕਿਸੇ ਗੱਲ ਉੱੇਤੇ ਝਿੱੜਕ ਦਵੇ।ਹਰ ਵਕਤ ਬਸ ਖਾਣ ਨੂੰ ਹੀ ਦੇਈ ਜਾਣਾ। ਕਦੇ ਚੂਰੀ ਕੁੱਟਣੀ ਕਦੇ ਮਿੱਠੇ ਚੌਲ, ਕਦੇ ਗੜਾਣੇ ਵਾਲਿਆਂ ਸੇਵੀਆਂ ਜਾਂ ਖੀਰ ਬਣਾਉਣੀ। ਨਾਨਾ ਜੀ ਨੂੰ ਕਹਿਣਾ ਵੀ ਦੋਧੀ ਨੂੰ ਕਹਿ ਦਿਓ ਕਿ ਹੁਣ ਅਸੀ ਕੁਝ ਕੁ ਦਿਨ ਦੁੱਧ ਨੀ ਪਾਵਾਂਗੇ ਕਿਉਂਕਿ ਸਾਡੇ ਦੋਹਤੇ-ਦੋਹਤੀਆਂ ਆਏ ਹੋਏ ਹਨ। ਚਾਰ ਦਿਨ ਜਵਾਕ ਕੁਝ ਖਾ ਪੀ ਲੈਣਗੇ।ਨਾਨਕੇ ਘਰ ਬਸ ਮੌਜਾਂ ਹੀ ਮੌਜਾਂ। ਮਾਮੇ ਦੇ ਜਵਾਂਕਾਂ ਨਾਲ ਖੂਬ ਮਸਤੀ ਕਰਨੀ।ਨਾਨੀ ਮਾਂ ਨੇ ਲੱਸੀ ਨਾਲ ਸਿਰ ਨਵਾਉਣਾ ਅਤੇ ਸਿਰ ਸੁੱਕਣ ‘ਤੇ ਸਰੋਂ ਦਾ ਤੇਲ ਝੱਸਣਾ ਨਾਲ ਨਾਲ ਮਾਤਾ ਨੂੰ ਵੀ ਗਾਲਾਂ ਕੱਢਣੀਆਂ। ਕਹਿਣਾ ਕੁੜੀ ਦਾ ਜਮਾਂ ਈ ਧਿਆਨ ਨੀ ਰੱਖਦੀ ਵੇਖ ਕਿਵੇਂ ਸਿਰ ‘ਚ ਖੁਸ਼ਕੀ ਕੀਤੀ ਆ।ਲੇਪੂ-ਤੇਪੂ ਵਾਲ ਕਰ ਕ ਮੀਢੀਆਂ ਗੁੰਦ ਦੇਣੀਆਂ।ਓਦੋਂ ਗੁੱਸਾ ਆਉਣਾ ਕਿ ਨਾਨੀ ਕਿਂੰਨੀ ਜੋਰ ਨਾਲ ਗੁੱਤਾਂ ਕਰਦੀ ਆ।ਅੱਜ ਜਦੋਂ ਵਾਲ ਰੁੱਖੇ ਹੁੰਦੇ ਨੇ ਤੇ ਤੇਲ ਝੱਸਣ ਵਾਲਾ ਕੋਈ ਕੋਲ ਨਹੀਂ ਹੁੰਦਾ ਤਾਂ ਸੱਚੀ ਨਾਨੀ ਬਹੁੱਤ ਯਾਦ ਆਉਦੀ ਹੈ।ਨਾਨੀ ਨੇ ਮਾਮੀਆਂ ਨਾਲ ਕੱਪੜੇ ਲੈਣ ਭੇਜਣਾ ‘ਤੇ ਇਹ ਵੀ ਕਹਿ ਕ ਿਭੇਜਣਾ ਜਿਹੜਾ ਵੀ ਪਸੰਦ ਆਉ ਉਸੇ ਤੇ ਹੀ ਹੱਥ ਲਾ ਦਵੀਂ ਤੂਂ ਕਿਹੜਾ ਰੋਜ ਸੂਟ ਲੈਣੇ ਆ ਛੁੱਟੀਆਂ ‘ਚ ਤਾਂ ਆਉਣਾ ਹੁੰਦਾ।ਬੱਸ ਨਾਨੀ ਦੀ ਏਨੀ ਹੱਲਾਸ਼ੇਰੀ ਮਿਲਣ ਸਾਰ ਆਪਾਂ ਕੱਪੜੇ ਦੇ ਡਿੱਪੂ ਆਲੇ ਭਾਈ ਤੋਂ ਵੱਧੀਆ ਸੂਟ ਕੱਢਵਾ ਲੈਣਾ ਅਤੇ ਮਾਮੀ ਜੀ ਨੇ ਉਹ ਦਵਾ ਦੇਣਾ। ਘਰ ਨਾਨੀ ਉਡੀਕ ਰਹੀ ਹੁੰਦੀ ਪਤਾ ਨੀ ਕੀ ਲਿਆਉ ਜਾਂ ਮਾਮੀ ਕੀ ਦਵਾਉ। ਜਦ ਨਾਨੀ ਨੇ ਸੂਟ ਵੇਖਣਾ ਤਾਂ ਘੱਟੋ ਘੱਟ ਦਸ ਵਾਰ ਪੁੱਛਣਾ ਤੈਨੂੰ ਸੂਟ ਪਸੰਦ ਆ ਨਾ।ਅੱਗੋਂ ਮੇਰਾ ਜਵਾਬ ਹੋਣਾ ਹਾਂ ਨਾਨੀ ਜੀ ਮੈ ਆਪਣੀ ਹੀ ਪਸੰਦ ਦਾ ਲਿਆ। ਫਿਰ ਸੌਣ ਦਾ ਮਜੀਨਾ ਆ ਜਾਣਾ।ਆਸ ਹੁੰਦੀ ਕਿ ਨਾਨੀ ਪੱਕਾ ਸ਼ਨੀਵਾਰ ਨੂੰ ਹੀ ਆਉ ਕਿਉਂਕਿ ਐਤਵਾਰ ਨੂੰ ਸਾਨੂੰ ਛੁੱਟੀ ਹੋਣੀ ਹੁੰਦੀ ਸੀ।ਅਸੀਂ ਨਾਨੀ ਦੀਆਂ ਗੱਲਾਂ ਸੁਣਨੀਆਂ ਹੁੰਦੀਆਂ ਸਨ।ਉਹ ਥੱਕੀ ਟੁੱਟੀ ਸਾਉਣ ਦੇ ਮਹੀਨੇ ਜਦੋ ਬਿਸਕੁਟਾ ਆਲਾ ਪੀਪਾ ਲੈ ਕੇ ਗਲੀ ਵਿਚ ਆਂਉਦੀ ਨੂੰ ਵੇਖ ਮਨ ਵਿਚ ਬੜਾ ਹੀ ਪਿਆਰ ਆ ਜਾਂਦਾ। ਬਿਸਕੁਟਾ ਦਾ ਨਹੀਂ ਸਗੋਂ ਨਾਨੀ ਦਾ। ਗਲੀ ਵਿਚੋਂ ਭੱਜ ਕੇ ਅੰਦਰ ਮਾਂ ਨੂੰ ਖਬਰ ਦੇਣੀ ਤੇ ਕੁੱਝ ਹੀ ਪਲ਼ਾ ਚ ਨਾਨੀ ਵੀ ਉੱਥੀ ਆ ਪਹੁੰਚਦੀ। ਅੱਗੋ ਮਾਂ ਨੇ ਵੀ ਇਕੋ ਗੱਲ ਆਖਣੀ ਅੱਜ ਸਵੇਰ ਦਾ ਕੋਠੇ ਤੇ ਕਾਂ ਬੋਲਦਾ ਸੀ। ਮੈਨੂੰ ਲੱਗਦਾ ਸੀ ਜਰੂਰ ਕੋਈ ਆਉਗਾ। ਮੈ ਜਿੰਦੂ ਹੋਰਾਂ ਨੂੰ ਕਹਿੰਦੀ ਸੀ ਵੀ ਅੱਜ ਮੈਨੂੰ ਲੱਗਦੈ ਬੇਬੇ ਆਉ ਮੱਠੀਆਂ ਲੈ ਕੇ। ਜਿਵੇ ਮਾਂ ਨੂੰ ਪੂਰੀ ਉਡੀਕ ਹੋਵੇ। ਨਾ ਹੀ ਉਦੋ ਕੋਈ ਟੈਲੀਫੋਨ ਸੀ। ਸੋਚੀ ਜਾਣਾ ਵੀ ਮਾਂ ਨੂੰ ਕਿਵੇ ਪਤਾ ਲੱਗਿਆ। ਹੋ ਸਕਦੈ ਦਿਲ ਦੀਆਂ ਤਾਰਾਂ ਧੁਰ ਅੰਦਰ ਤੱਕ ਜੁੜੀਆਂ ਹੋਣ। ਨਾਲ ਮਾਂ ਨੇ ਇਹ ਵੀ ਕਹਿਣਾ ਆਹ ਉਮਰ ‘ਵ ਮੇਰੀ ਨਾਨੀ ਵੀ ਆਏ ਹੀ ਆਉਂਦੀ ਹੁੰਦੀ ਸੀ।ਕਦੇ ਕਦੇ ਮੇਰੀ ਬੇਬੇ ਜਵਾਂ ਈ ਨਾਨੀ ਵਰਗੀ ਲੱਗਦੀ ਆ।ਮਾਂ ਨੇ ਪਾਣੀ ਦਾ ਗਿਲਾਸ ਬੇਬੇ ਨੂੰ ਦੇਣਾ ਉਦੋ ਤੱਕ ਅਸੀਂ ਨਾਨੀ ਦੇ ਫੁੱਲਾਂ ਨਾਲ ਕੱਢੇ ਖੱਦਰ ਦੇ ਝੋਲੇ ਦੀ ਤਲਾਸ਼ੀ ਲੈ ਲੈਣੀ। ਉਹਨੇ ਆਪਣੀ ਮਲਮਲ ਦੀ ਚੁੰਨੀ ਨਾਲ ਮੂੰਹ ਤੋਂ ਮੁੜਕਾ ਪੂੰਝਣਾ। ਨਾਨੀ ਮਾਂ ਦੇ ਮੁੜਕੇ ਚੋਂ ਆਂਉਦੀ ਖੁਸਬੋ ਪਿਆਰ ਦੀਆਂ ਲਪਟਾਂ ਬਣ ਬਣ ਦਿਲ ਨੂੰ ਖਿਚ ਜਿਹੀ ਪਾਉਦੀ। ਪੀਪਾ ਰੱਖਦੇ ਸਾਰ ਹੀ ਖੋਲ ਕੇ ਇਕ ਰੁੱਗ ਬਿਸਕੁਟਾਂ ਦਾ ਭਰ ਲੈਣਾ। ਜੇ ਮਾਂ ਨੇ ਰੋਕਣਾ ਤਾਂ ਮਾਂ ਨੂੰ ਨਾਨੀ ਨੇ ਟੋਕਣਾ ।ਕੋਈ ਨੀ ਨਿਆਣੇ ਨੇ ਇਨ੍ਹਾਂ ਦੇ ਖਾਣ ਲਈ ਤਾਂ ਲਿਆਈ ਆਂ। ਨਾਨੀ ਤੋਂ ਲਾਡ ਲੈ ਕੇ ਫਿਰ ਬਾਹਰ ਦੋਸਤਾ ਨੂੰ ਆਪਣੀ ਜੇਬ ਚੋਂ ਕੱਢ ਕੇ ਬਿਸਕੁਟ ਖਵਾਉਣੇ ਅਤੇ ਨਾਨੀ ਦੇ ਆਉਣ ਬਾਰੇ ਵੀ ਦੱਸਣਾ ।ਸਭ ਤੋਂ ਵੱਡੀ ਖੁਸੀ ਇਹ ਵੀ ਹੁੰਦੀ ਕਿ ਹੁਣ ਨਾਨੀ ਨੇ 2,3 ਦਿਨ ਸਾਡੇ ਕੋਲ ਹੀ ਰਹਿਣਾ ਹੁੰਦਾ ਤੇ ਉਨੇ ਦਿਨ ਘਰੋਂ ਖੁੱਲ ਮਿਲ ਜਾਂਦੀ ਕੋਈ ਨਾਨੀ ਕਰਕੇ ਮਾਤਾ ਵੀ ਨੀ ਖਿੱੜਕਦੀ ਸੀ। ਮੇਰਾ ਛੋਟਾ ਵੀਰ ਰਮਨ ਤਾਂ ਨਾਨੀ ਦੀ ਬੁੱਕਲ ਚ ਬੈਠ ਗੱਲਾ ਸੁਣਦਾ ਸੀ।ਸਕੂਲ ਜਾਣ ਤੋਂ ਪਹਿਲਾਂ ਕਹਿ ਕੇ ਜਾਣਾ ਨਾਨੀ ਸਾਡੇ ਆਉਣ ਤੱਕ ਜਾਈਂ ਨਾ।ਕੁਝ ਕੁ ਸਾਲਾਂ ਬਾਅਦ ਟੈਲੀਫੋਨ ਘਰ ਘਰ ਆ ਗਏ । ਟੈਲੀਫੋਨਾ ਨੇ ਨਾਨੀ ਦਾ ਚੁੱਪ ਚੁੱਪੀਤੇ ਆਉਣਾ ਬੰਦ ਕਰ ਦਿੱਤਾ। ਕਈ ਦਿਨ ਪਹਿਲਾ ਪਤਾ ਲੱਗ ਜਾਂਦਾ ਜਦੋ ਕਿਸੇ ਨੇ ਆਉਣਾ ਹੁੰਦਾ। ਬਨੇਰੇ ਤੇ ਬੈਠੇ ਕਾਂ ਵੀ ਝੂਠੇ ਲੱਗਣ ਲੱਗ ਪਏ। ਜਾਂ ਫਿਰ ਕਹਿ ਦਈਏ ਕਿ ਅਲੋਪ ਹੀ ਹੋ ਗਏ।ਮੱਠੀਆਂ-ਬਿਸਕੁਟਾਂ ਦੀ ਥਾਂ ਮਿਠਾਈਆਂ ਨੇ ਲੈ ਲਈ। ਹੁਣ ਕਦੀ ਮਾਂ ਦੇ ਮੂੰਹੋ ਇਹ ਨੀ ਸੁਣਿਆ ਕਿ ਮੈਨੂੰ ਲੱਗਦੈ ਅੱਜ ਕੋਈ ਆਉ ਆਪਣੇ ਸਵੇਰ ਦਾ ਬਨੇਰੇ ਤੇ ਕਾਂ ਬੋਲਦਾ ਆ।ਸ਼ਾਇਦ ਦਿਲ ਦੀਆਂ ਤਾਰਾਂ ਟੁੱਟ ਕੇ ਟੈਲੀਫੋਨ ਨਾਲ ਜੁੜ ਗੀਆਂ ਹੋਣ। ਤਾਇਉ ਤਾਂ ਹੁਣ ਗੱਲਾਂ ਕਰਨ ਦੀ ਥਾਂ ਸਾਰੇ ਆਪੋ ਆਪਣੇ ਮੋਬਾਇਲ ਵਿਚ ਰੁੱਝੇ ਰਹਿੰਦੇ ਨੇ। ਨਾਹੀ ਉਹ ਯਾਰ ਰਹੇ ਜਿੰਨਾ ਨੂੰ ਜੇਬ ਚੋ ਕੱਢ ਕੇ ਬਿਸਕੁਟ ਖਵਾਏ ਸੀ।ਕਾਸ਼ ਕਿੱਤੇ ਉਹ ਬੀਤੇ ਵੇਲੇ ਮੁੜ ਆਵਣ, ਬਨੇਰੇ ‘ਤੇ ਜਾਂ ਕੁਰਲਾਵੇ ਅਤੇ ਸਾਡੀ ਨਾਨੀ ਬਿਸਕੁੱਟ ਲੈ ਕੇ ਆਵੇ।ਅਸੀਂ ਭੱਜ ਕੇ ਮਾਂ ਨੂੰ ਦੱਸੀਏ ਮੰਮੀ ਨਾਨੀ ਆ ਗਈ।ਤੇ ਮਾਂ ਆਖੇ ਮੈ ਕਹਿੰਦੀ ਸੀ ਜਿੰਦੂ ਹੋਰਾਂ ਨੂੰ ਵੀ ਅੱਜ ਕਾਂ ਬੋਲਦਾ ਲੱਗਦਾ ਬੇਬੇ ਆਊ ਮੱਠੀਆਂ ਲੈ ਕੇ। ਕਿਸਮਤ ਵਾਲੇ ਹੁੰਦੇ ਨੇ ਉਹ ਲੋਕ ਜਿੰਨਾਂ ਨੂੰ ਸਾਰੇ ਰਿਸ਼ਤੇ ਨਸੀਬ ਹੁੰਦੇ ਨੇ ਤੇ ਇਹੀ ਦੁਆ ਕਰਦੀ ਹਾਂ ਕਿ ਅਜਿਹਾ ਪਿਆਰਾ ਦਿਲ ਦਾ ਕਰੀਬੀ ਰਿਸ਼ਤਾ ਕਦੇ ਨਾ ਕਿਸੇ ਤੋਂ ਛੁੱਟੇ। ਬਹੁਤ-ਬਹੁਤ ਪਿਆਰ ਨਾਨੀ ਮਾਂ।

-ਨਵਦੀਪ ਧਾਲੀਵਾਲ
94647-25490
[email protected]

Facebook Comments
Facebook Comment