• 2:23 am
Go Back

ਕਿਸਾਨ ਅੱਜ ਤੋਂ ਦਸ ਦਿਨਾਂ ਦੀ ਹੜਤਾਲ ‘ਤੇ ਹਨ ਇਸ ਹੜਤਾਲ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਹੀ ਹਨ । ਇਸ ਹੜਤਾਲ ਬਾਰੇ ਸਾਨੂੰ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ।
ਜੱਟ ਦੇ ਪੁੱਤ ਹੋਵੇ ਜਾਂ ਨਾ ਹੋਵੇ ਪੜ੍ਹ ਜ਼ਰੂਰ ਲਵੇ ।ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਖਰਚੇ ਵੱਧ ਅਤੇ ਆਮਦਨ ਘੱਟ ਹੈ, ਸਿੱਟੇ ਵਜੋਂ ਕਿਸਾਨ ਸਿਰ ਕਰਜ਼ਾ ਵਧਦਾ ਜਾਂਦਾ ਹੈ ਅਤੇ ਅੰਤ ਨਸ਼ੇ ਕਰਦਾ, ਖ਼ੁਦਕੁਸ਼ੀ ਕਰਦਾ ਜ਼ਮੀਨ ਗੁਆ ਬੈਠਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਤੋਂ ਲਾਰੇ ਅਤੇ ਨਾਅਰੇ ਮਿਲੇ ਹਨ। ਰਾਹਤ ਕਿਸੇ ਤੋਂ ਨਹੀਂ ਮਿਲੀ। ਜੇ ਮਿਲੀ ਹੈ ਤਾਂ ਉਹ ਊਠ ਤੋਂ ਛਾਣਨੀ ਲਾਉਣ ਵਾਲੀ ਗੱਲ ਹੈ । ਕਿਸਾਨ ਨੇ ਕਈ ਵਾਰ ਅਤੇ ਕਈ ਤਰ੍ਹਾਂ ਦਾ ਅੰਦੋਲਨ ਕਰਕੇ ਵੇਖ ਲਿਆ ਹੈ। ਧਿਆਨ ਖਿੱਚਣ ਲਈ ਨੰਗੇ ਧੜ ਪ੍ਰਦਰਸ਼ਨ ਤੋਂ ਲੈ ਕੇ ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੀਆਂ ਹੱਡੀਆਂ ਦੀ ਪ੍ਰਦਰਸ਼ਨੀ ਤੱਕ ਲਗਾ ਕੇ ਵੇਖ ਲਈ ਹੈ ।ਹੁਣ ਇੱਕ ਵਾਰ ਫਿਰ ਕਿਸਾਨ ਹੜਤਾਲ ਕਰਨ ਜਾ ਰਹੇ ਹਨ। ਜਿਸ ਵਿੱਚ ਮੁੱਖ ਤੌਰ ਤੇ ਦੁੱਧ, ਸਬਜ਼ੀਆਂ ਅਤੇ ਫਲਾਂ ਦੀ ਸ਼ਹਿਰਾਂ ਨੂੰ ਸਪਲਾਈ ਰੋਕਣੀ ਹੈ। ਇਸ ਦੇ ਹੱਕ ਅਤੇ ਵਿਰੋਧ ਵਿੱਚ ਸੋਸ਼ਲ ਮੀਡੀਆ ਉੱਪਰ ਆਪੋ ਆਪਣੇ ਵਰਗਾਂ ਦੇ ਹਿੱਤ ਅਨੁਸਾਰ ਜੰਗ ਸ਼ੁਰੂ ਹੈ ।ਆਖਰ ਇਸ ਹੜਤਾਲ ਨਾਲ ਕਿਸਾਨਾਂ ਨੂੰ ਕੀ ਮਿਲੇਗਾ ਕੀ ਇਹ ਕਾਮਯਾਬ ਹੋਵੇਗੀ ? ਸਭ ਤੋਂ ਪਹਿਲੀ ਗੱਲ ਇਸ ਦੀ ਕਾਮਯਾਬੀ ਹੀ ਸ਼ੱਕੀ ਹੈ। ਦੁੱਧ ਅਤੇ ਸਬਜ਼ੀ ਕਿਸਾਨ ਦੀ ਖਰਾਬ ਹੋਵੇਗੀ ਆਰਥਿਕ ਘਾਟਾ ਉਸ ਨੂੰ ਪਵੇਗਾ। ਦੁੱਧ ਅਤੇ ਸਬਜ਼ੀ ਬਗੈਰ ਜਿਹੜੇ ਸ਼ਹਿਰੀ ਲੋਕ ਔਖੇ ਹੋਣਗੇ ਉਹ ਕੋਈ ਕਿਸਾਨ ਵਿਰੋਧੀ ਕਾਰਪੋਰੇਟੀ ਧਨਾਡ ਸਰਮਾਏਦਾਰ,ਰਾਜਨੀਤੀਵਾਨ ਜਾਂ ਵੱਡੇ ਅਫ਼ਸਰ ਨਹੀਂ ਹੋਣਗੇ ਸਗੋਂ ਆਮ ਸ਼ਹਿਰੀ ਵੱਸਦੇ ਮਜ਼ਦੂਰ ਰੇਹੜੀ ਫੜ੍ਹੀ ਵਾਲੇ  ਦੁਕਾਨਦਾਰ ਜਾਂ ਸਾਧਾਰਨ ਦਰਜਾ ਤਿੰਨ ਚਾਰ ਦੇ ਕਰਮਚਾਰੀ ਹੋਣਗੇ। ਵੱਡੇ ਘਰਾਂ ਦੀਆਂ ਵੱਡੀਆਂ ਫਰਿੱਜਾਂ ਵਿੱਚ ਸੁੱਕਾ ਦੁੱਧ, ਸੁਕਾਈਆਂ ਸਬਜ਼ੀਆਂ  ਹੋਣਗੀਆਂ । ਇਹ ਵੱਡੇ ਲੋਕਾਂ ਨੇ ਆਪਣੇ ਜੋਗੀ ਜ਼ਮੀਨ ਵੀ ਰੱਖੀ ਹੋਈ ਹੈ। ਉਨ੍ਹਾਂ ਨੇ ਝੱਟ ਗਿਰਗਟ ਵਾਗ  ਕਿਸਾਨਾਂ ਦਾ ਚੋਲਾ ਪਾ ਲੈਣਾ ਹੈ ।ਦੁਖੀ ਤਾਂ ਆਮ ਲੋਕਾਂ ਹੋਣਾ ਹੈ।ਆਖਰ ਕਿਸਾਨ ਯੂਨੀਅਨ ਨੇ ਆਪਸ ਵਿੱਚ ਸਥਾਨਕ ਰਾਜ ਸੱਤਾ ਨਾਲ ਨੇੜਤਾ/ ਵਿਰੋਧਤਾ ਕਾਰਨ ਕੁਝ  ਹੰਕਾਰ ਕਾਰਨ ਟੁੱਟ ਜਾਣਾ ਹੈ ।ਬਹੁਤ ਚੰਗੀ ਗੱਲ ਹੈ ਜੇ ਕੋਈ ਇੱਕ ਅੱਧ ਮੰਗ ਪੂਰੀ ਹੋ ਜਾਵੇ। ਕੋਈ ਨਾ ਕੋਈ  ਰਾਹਤ ਲੈ ਸਕਣ। ਇਹ ਅੰਦੋਲਨ ਦੇਸ਼ ਵਿਆਪੀ ਹੈ ਪਰ ਇਸ ਨਾਲ ਨਿਪਟਣਾ ਰਾਜ ਸਰਕਾਰ ਨੇ  ਹੈ ।ਮੰਗਾਂ ਵੱਖ ਵੱਖ ਹਨ। ਦੇਖੋ ਕੀ ਹੁੰਦਾ ਹੈ ।ਭਲਾ ਅੰਦੋਲਨ ਜੇ ਕਾਮਯਾਬ ਹੀ  ਨਹੀਂ ਹੋਣਾ ਫਿਰ ਕਰਨ ਦਾ ਕੀ ਫਾਇਦਾ ਹੈ ? ਭਾਈ ਕਰਨ ਦਾ ਫੇਰ ਵੀ ਫਾਇਦਾ ਹੈ । ਘੱਟੋ ਘੱਟ ਪਤਾ ਤਾਂ ਚੱਲ ਜਾਊ ਕਿ ਅੰਦੋਲਨ ਕਿਵੇਂ ਕਰਨਾ ਹੈ। ਕਿਵੇਂ ਨਹੀਂ ਕਰਨਾ ।ਜੇ ਕੁਝ ਮਿਲ ਗਿਆ ਤਾਂ ਰੂੰਗਾ ਸਹੀ, ਝੂੰਗਾ ਸਹੀ ।ਇਹ ਵੀ ਗੱਲ ਸੋਚਣ ਵਾਲੀ ਹੈ ਕਿ ਸਰਕਾਰ ਨੇ  ਹਿੰਦੂ-ਸਿੱਖ, ਮੁਸਲਮਾਨ-ਹਿੰਦੂ’ ਦਲਿਤ-ਗ਼ੈਰ ਦਲਿਤ ਲੜਾ ਕੇ ਦੇਖ ਲਏ ਹਨ,ਹੁਣ ਕਿਸਾਨ-ਗੈਰ ਕਿਸਾਨ ਜੱਟ-ਗੈਰ -ਜੱਟ, ਪੇਂਡੂ-ਸ਼ਹਿਰੀਏ ਨੂੰ ਲੜਦੇ ਨਾ ਵੇਖੀਏ ਤਾਂ ਚੰਗਾ ਹੋਵੇਗਾ। ਇਸ ਅੰਦੋਲਨ ਦੀ ਭਾਵਨਾ ਨੂੰ ਗੈਰ ਕਿਸਾਨ ਵੀ ਸਮਝਣ  ਅਤੇ ਕਿਸਾਨ ਦੀ ਹਾਲਤ ਬਾਰੇ ਆਓ ਸਾਰੇ ਰਲ ਕੇ ਕੁਝ ਸੋਚ ਕੇ ਅਸਲ ਕਾਰਪੋਰੇਟ ਸਰਮਾਏਦਾਰੀ ਜੀਵਨ ਜਾਚ ਵਿਰੁੱਧ ਸੰਘਰਸ਼ ਕਰੀਏ ।

ਰਾਜਿੰਦਰ ਪਾਲ ਸਿੰਘ ਬਰਾੜ
ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ

Facebook Comments
Facebook Comment