• 6:23 pm
Go Back

ਫਰੀਦਕੋਟ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਐਸਆਈਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਐਸਐਸਪੀ  ਚਰਨਜੀਤ ਸ਼ਰਮਾਂ ਦੇ ਪਿੱਛੇ ਇਹ ਜਾਂਚ ਏਜੰਸੀ ਹੱਥ ਧੋ ਕੇ ਪੈ ਗਈ ਹੈ। ਪਹਿਲਾਂ ਸ਼ਰਮਾਂ ਵਿਰੁੱਧ ਦਰਜ਼ ਪਰਚੇ ਤਹਿਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਇਹ ਐਸਆਈਟੀ ਅਦਾਲਤ ਵਿੱਚ ਦਲੀਲਾਂ ਦੇ ਦੇ ਕੇ ਇਸ ਸਾਬਕਾ ਐਸਐਸਪੀ ਨੂੰ ਜੇਲ੍ਹ ‘ਚੋਂ ਵੀ ਬਾਹਰ ਨਹੀਂ ਨਿਕਲਣ ਦੇ ਰਹੀ। ਦੱਸ ਦਈਏ ਕਿ ਚਰਨਜੀਤ ਸ਼ਰਮਾਂ ਵੱਲੋਂ ਫਰੀਦਕੋਟ ਦੀ ਅਦਾਲਤ ਵਿੱਚ ਪੱਕੀ ਜ਼ਮਾਨਤ ਲਈ ਅਰਜ਼ੀ ਪਾਈ ਹੋਈ ਸੀ, ਜਿਸ ਵਿਰੁੱਧ ਐਸਆਈਟੀ ਅਤੇ ਸਰਕਾਰੀ ਵਕੀਲ ਨੇ ਇੰਨੀਆਂ ਜ਼ਬਰਦਸਤ ਦਲੀਲਾਂ ਦਿੱਤੀਆਂ ਕਿ ਉਸ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸ਼ਰਮਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਦੋਵਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਅਰਜ਼ੀ ‘ਤੇ ਫੈਸਲਾ 2 ਮਾਰਚ ਤੱਕ ਰਾਖਵਾਂ ਰੱਖ ਲਿਆ ਗਿਆ ਸੀ ਜਿਸ ‘ਤੇ ਅੱਜ ਫੈਸਲਾ ਸੁਣਾਇਆ ਗਿਆ ਹੈ।

ਇੱਥੇ ਦੱਸ ਦਈਏ ਕਿ ਇਹ ਦੋਸ਼ ਲੱਗ ਰਹੇ ਹਨ ਕਿ ਸਾਲ 2015 ‘ਚ ਵਾਪਰੇ ਇਸ ਗੋਲੀ ਕਾਂਡ ਦੌਰਾਨ ਆਈਜੀ ਪਰਮਰਾਜ ਸਿੰਘ ਦੇ ਹੁਕਮਾਂ ‘ਤੇ ਉਸ ਵੇਲੇ ਮੋਗੇ ਦੇ ਐਸਐਸਪੀ ਵਜੋਂ ਤਾਇਨਾਤ ਚਰਨਜੀਤ ਸ਼ਰਮਾਂ ਨੇ ਹੀ ਗੋਲੀ ਚਲਾਉਣ ਵਾਲੀ ਪੁਲਿਸ ਪਾਰਟੀ ਦੀ ਅਗਵਾਈ ਕੀਤੀ ਸੀ, ਤੇ ਪਤਾ ਲੱਗਾ ਹੈ ਕਿ ਇਹ ਗੱਲ ਪਰਮਰਾਜ ਸਿੰਘ ਉਮਰਾਨੰਗਲ ਨੇ ਅਦਾਲਤ ਵਿੱਚ ਪਾਈ ਆਪਣੀ ਜ਼ਮਾਨਤ ਅਰਜ਼ੀ ਵਿੱਚ ਵੀ ਮੰਨੀ ਹੈ ਕਿ ਉਸ ਨੇ ਮੌਕੇ ‘ਤੇ ਭੀੜ੍ਹ ਨੂੰ ਤਿਤਰ-ਬਿਤਰ ਕਰਨ ਲਈ ਡਿਊਟੀ ਮੈਜਿਸਟ੍ਰੇਟ ਹਰਜੀਤ ਸਿੰਘ ਸੰਧੂ ਤੋਂ ਲਿਖਤੀ ਹੁਕਮ ਲੈਣ ਤੋਂ ਬਾਅਦ ਹੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਉਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਜਦੋਂ ਸਿੱਟ ਨੇ ਐਸਡੀਐਮ ਹਰਜੀਤ ਸਿੰਘ ਸੰਧੂ ਤੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਸਾਰੀ ਗੱਲ ਹੀ ਪੁੱਠੀ ਪਾ ਦਿੱਤੀ ਕਿ ਪੁਲਿਸ ਅਧਿਕਾਰੀਆਂ ਨੇ ਇਸ ਗੋਲੀ ਕਾਂਡ ਤੋਂ ਬਾਅਦ ਦਬਾਅ ਪਾ ਕੇ ਉਨ੍ਹਾਂ ਤੋਂ ਇਹ ਲਿਖਤੀ ਹੁਕਮ ਜ਼ਬਰਦਸਤੀ ਲਏ ਸਨ। ਐਸਆਈਟੀ ਨੇ ਹਰਜੀਤ ਸਿੰਘ ਸੰਧੂ ਦੇ ਇਹ ਬਿਆਨ 164 ਸੀਆਰਪੀਸੀ ਦੀ ਧਾਰਾ ਤਹਿਤ ਅਦਾਲਤ  ਵਿੱਚ ਜੱਜ ਦੇ ਸਾਹਮਣੇ ਦੁਆ ਦਿੱਤੇ ਹਨ ਤਾਂ ਕਿ ਗਵਾਹੀ ਪੱਕੀ ਹੋ ਸਕੇ।

ਇਨ੍ਹਾਂ ਹਲਾਤਾਂ ਨੂੰ ਦੇਖਦਿਆਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸ਼ਰਮਾਂ ਦਾ ਤਾਂ ਕੀ ਪਟਿਆਲਾ ਜੇਲ੍ਹ ਵਿੱਚ ਹੀ ਬੰਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਵੀ ਜ਼ਮਾਨਤ ‘ਤੇ ਰਿਹਾਅ ਹੋਣਾ ਸੌਖਾ ਨਹੀਂ ਹੋਵੇਗਾ।

Facebook Comments
Facebook Comment