• 1:09 pm
Go Back

ਮੁਕਤਸਰ ਸਾਹਿਬ : ਤੁਹਾਨੂੰ ਯਾਦ ਹੋਵੇਗਾ ਲੰਘੇ ਦਿਨੀਂ ਮੁਕਤਸਰ ਦੀ ਬੂੜਾ ਗੁੱਜ਼ਰ ਸੜਕ ‘ਤੇ ਪੈਂਦੇ ਇਲਾਕੇ ‘ਚ ਰਹਿੰਦੀ ਇੱਕ ਔਰਤ ਨੂੰ ਇੱਥੋਂ ਦੇ ਇੱਕ ਐਮਸੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਘਰੋਂ ਘੜੀਸ ਕੇ ਬਾਹਰ ਲਿਆਂਦਾ ਗਿਆ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਇੰਨੀ ਤੇਜ਼ੀ ਨਾਲ ਵਾਇਰਲ ਹੋਈ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੀ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੂੰ ਵੀ ਦਖਲ ਦੇਣਾ ਪਿਆ। ਜਿਨ੍ਹਾਂ ਦੇ ਹੁਕਮਾਂ ‘ਤੇ ਪੁਲਿਸ ਨੇ ਬਿਜਲੀ ਦੀ ਤੇਜੀ ਨਾਲ ਕੰਮ ਕਰਦਿਆਂ ਨਾ ਸਿਰਫ ਐਮਸੀ ਦੇ ਪਰਿਵਾਰਕ ਮੈਂਬਰਾਂ ‘ਤੇ ਪਰਚਾ ਦਰਜ ਕਰਿਆ ਸੀ  ਬਲਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਉਸੇ ਮਾਮਲੇ ਦੀ ਪੀੜਤ ਮੰਨੀ ਗਈ ਔਰਤ ਦੀ ਵੀ ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਬਾਰੇ ਵੀਡੀਓ ਬਣਾਉਣ ਵਾਲਿਆਂ ਦਾ ਦਾਅਵਾ ਹੈ ਕਿ ਇਹ ਔਰਤ ਨਸ਼ਾ ਵੇਚਣ ਦਾ ਧੰਦਾ ਕਰਦੀ ਹੈ। ਹਾਲਾਂਕਿ ਇਸ ਵੀਡੀਓ ਨੂੰ ਧਿਆਨ ਨਾਲ ਦੇਖੀਏ ਤਾਂ ਇਹ ਸਾਬਤ ਕਰਨਾ ਔਖਾ ਹੋਵੇਗਾ ਕਿ ਵੀਡੀਓ ਵਿੱਚ ਦਿਖਾਈ ਦੇ ਰਹੀਆਂ ਤਸਵੀਰਾਂ ਅਨੁਸਾਰ ਉਸ ਔਰਤ ਨੇ ਕੋਈ ਅਜਿਹੀ ਹਰਕਤ ਕੀਤੀ ਹੈ ਕਿ ਜਿਸ ਨਾਲ ਉਸ ‘ਤੇ ਨਸ਼ਾ ਵੇਚਣ ਦੇ ਇਲਜ਼ਾਮ ਸਾਬਤ ਹੁੰਦੇ ਹੋਣ। ਇਸ ਲਈ ਹੁਣ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ  ਗਿਆ ਹੈ ਕਿ ਇਹ ਸਭ ਇਸ ਔਰਤ ‘ਤੇ ਇਹ ਦਬਾਅ ਪਾਉਣ ਲਈ ਕੀਤਾ ਗਿਆ ਹੈ ਕਿ ਉਹ ਐਮਸੀ ਅਤੇ ਉਸ ਦੇ ਪਰਿਵਾਰ ਵਿਰੁੱਧ ਦਰਜ ਕਰਵਾਇਆ ਗਿਆ ਕੇਸ ਵਾਪਸ ਲੈ ਲੈਣ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ‘ਤੇ ਪਤਾ ਲਗਦਾ ਹੈ ਕਿ ਇੱਕ ਵਿਅਕਤੀ ਪਹਿਲਾਂ ਉਸ ਔਰਤ ਦੇ ਘਰ ਜਾਂਦਾ ਹੈ ਜਿਸ ਔਰਤ ਅਤੇ ਉਸ ਦੀ ਲੜਕੀ ਨੂੰ ਐਮਸੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁੱਟਿਆ ਗਿਆ ਸੀ। ਜਿਸ ਵਿੱਚ ਇੱਕ 2-3 ਔਰਤਾਂ ਅਤੇ ਕੁਝ ਬੱਚੇ ਮੰਜਿਆਂ ‘ਤੇ ਬੈਠੇ ਅਤੇ ਅਧਸੁੱਤੀ ਹਾਲਤ ਵਿੱਚ  ਦਿਖਾਈ ਦਿੰਦੇ ਹਨ। ਇਸ ਦੌਰਾਨ ਵੀਡੀਓ ਬਣਾਉਣ ਵਾਲਾ ਬੰਦਾ ਬਾਹਰੋਂ ਤੁਰਦਾ ਹੋਇਆ ਜਿਉਂ ਹੀ ਕਮਰੇ ‘ਚ ਪ੍ਰਵੇਸ਼ ਕਰਦਾ ਹੈ ਤਾਂ ਉਹ ਸਾਹਮਣੇ ਮੰਜੇ ‘ਤੇ ਪਈ ਉਸ ਔਰਤ ਕੋਲ ਪਹੁੰਚਦਾ ਹੈ ਜਿਸ ਔਰਤ ਨਾਲ ਐਮਸੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਇਸ ਦੌਰਾਨ ਉਹ ਵੀਡੀਓ ਬਣਾਉਣ ਵਾਲਾ ਬੰਦਾ ਔਰਤ ਕੋਲ ਜਾ ਕੇ ਖੜ੍ਹ ਜਾਂਦਾ ਹੈ ਤੇ ਉਹ ਔਰਤ ਆਪਣੇ ਕਮੀਜ ਦੀ ਉੱਪਰਲੀ ਅੰਦਰੂਨੀ ਜੇਬ ‘ਚੋਂ ਕੱਢ ਕੇ ਇੱਕ ਦਵਾਈਆਂ ਦਾ 4 ਗੋਲੀਆਂ ਵਾਲਾ ਪੱਤਾ ਉਸ ਵਿਅਕਤੀ ਦੇ ਹਵਾਲੇ ਕਰ ਦਿੰਦੀ ਹੈ।  ਇੰਨੇ ਨੂੰ ਵੀਡੀਓ ਬਣਾਉਣ ਵਾਲਾ ਪੁੱਛਦਾ ਹੈ ਕਿ ਆਂਟੀ ਦੂਜੀਆਂ ਲਾਲ ਜਿਹੀਆਂ ਨਹੀਂ ਹਨ? ਜਿਹੜੀਆਂ ਐਲਪ੍ਰੈਕਸ ਹੁੰਦੀਆਂ ਹਨ ਤਾਂ ਫਿਰ ਇੱਕ ਅਵਾਜ਼ ਆਉਂਦੀ ਹੈ ਕਿ ਇੱਕ ਗੋਲੀ ਹੋਰ ਦੇ ਦਿਓ। ਇਸ ਤੋਂ  ਬਾਅਦ ਇਹ ਨੌਜਵਾਨ ਗੋਲੀਆਂ ਲੈ ਕੇ ਚਲਾ ਜਾਂਦਾ ਹੈ। ਇਹ ਗੋਲੀਆਂ ਕਿਸ ਕਿਸਮ ਦੀਆਂ ਸਨ ਤੇ ਇਹ ਵੀਡੀਓ ਕਿਸ ਮਕਸਦ ਲਈ ਕਿਸ ਨੇ ਕਦੋਂ ਤੇ ਕਿਵੇਂ ਬਣਾਈ ਇਸ ਬਾਰੇ ਤਾਂ ਅਜੇ ਖੁਲਾਸਾ ਨਹੀਂ ਹੋ ਸਕਿਆ ਪਰ ਦੋਸ਼ ਲੱਗ ਰਹੇ ਹਨ ਕਿ ਇਸ ਔਰਤ ਨੇ ਜਿਹੜੀਆਂ ਗੋਲੀਆਂ ਵੀਡੀਓ ਬਣਾਉਣ ਵਾਲੇ ਦੇ ਹਵਾਲੇ ਕੀਤੀਆਂ ਸਨ ਉਹ ਨਸ਼ੇ ਦੀਆਂ ਸਨ।

ਇੱਧਰ ਦੂਜੇ ਪਾਸੇ ਜਦੋਂ ਗੋਲੀਆਂ ਦੇਣ ਵਾਲੀ ਔਰਤ ਦੇ ਪਰਿਵਾਰ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਇਸ ਪਰਿਵਾਰ ਦੇ ਮੈਂਬਰ ਸੂਰਜ ਨੇ ਦੱਸਿਆ ਕਿ ਇਹ ਕੋਈ ਨਸ਼ੀਲੀਆਂ ਗੋਲੀਆਂ ਨਹੀਂ ਸਨ ਬਲਕਿ ਉਸ ਦੀ ਭੈਣ ਦੀ ਦਵਾਈ ਚੱਲ ਰਹੀ ਹੈ ਤੇ ਇਹ ਉਹੀਓ ਗੋਲੀਆਂ ਸਨ। ਸੂਰਜ ਅਨੁਸਾਰ ਉਸ ਦਵਾਈ ਦੀਆਂ ਸਬੰਧੀ ਗਲਤ ਢੰਗ ਨਾਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਰਜ ਦਾ ਦੋਸ਼ ਹੈ ਕਿ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਵਾਈ ਗਈ ਹੈ ਉਨ੍ਹਾਂ ਲੋਕਾਂ ਨਾਲ ਉਸ (ਔਰਤ) ਦਾ ਝਗੜਾ ਚੱਲ ਰਿਹਾ ਹੈ ਜਿਸ ਲਈ ਉਹ ਉਨ੍ਹਾਂ ਨੂੰ ਬੀਤੇ ਦਿਨੀਂ 50 ਲੱਖ ਰੁਪਏ  ਦੇਣ ਲਈ ਵੀ ਆਏ ਸਨ ਕਿ ਰਾਜੀਨਾਮਾ ਕਰ ਲਓ, ਪਰ ਜਦੋਂ ਉਨ੍ਹਾਂ ਨੇ ਜਵਾਬ ਦੇ ਦਿੱਤਾ ਤਾਂ ਮੁਲਜ਼ਮ ਪੱਖ ਨੇ ਉਨ੍ਹਾਂ ਦੀ ਅਜਿਹੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਤਾਂ ਕਿ ਰਾਜੀਨਾਮੇ ਲਈ ਦਬਾਅ ਬਣਾਇਆ ਜਾ ਸਕੇ।

ਵੀਡੀਓ ‘ਚ ਦਿਖਾਈ ਦੇ ਰਹੀ ਔਰਤ ਜਿਸ ‘ਤੇ ਨਸ਼ਾ ਵੇਚਣ ਦੇ ਦੋਸ਼ ਲੱਗ ਰਹੇ ਹਨ ਉਸ ਨੇ ਆਪਣੀ ਸਫਾਈ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਦਵਾਈ ਚੱਲ ਰਹੀ ਹੈ ਇਹ ਨੌਜਵਾਨ ਦੋ ਦਿਨ ਪਹਿਲਾਂ ਆਇਆ ਸੀ ਤੇ ਕਹਿਣ ਲੱਗਾ ਕਿ ਉਸ ਦੀ ਮਾਂ ਦੇ ਸੱਟ ਲੱਗੀ ਹੈ ਇਸ ਲਈ ਜੋ ਉਨ੍ਹਾਂ ਦੀ ਪਰਿਵਾਰਕ ਮੈਂਬਰ ਦੀ ਦਵਾਈ ਚੱਲਦੀ ਹੈ ਉਹ ਬਹੁਤ ਵਧੀਆ ਹੈ ਤੇ ਉਹ ਉਸ ਨੂੰ ਵੀ ਦੇ ਦਿਓ। ਇਸ ਲਈ ਉਸ (ਔਰਤ) ਨੇ ਉਹ ਗੋਲੀਆਂ ਦਿੱਤੀਆਂ ਸਨ।

ਇਹ ਲੱਗ ਰਹੇ ਦੋਸ਼ ਕਿਸ ਹੱਦ ਤੱਕ ਸੱਚੇ ਹਨ ਤੇ ਕੀ ਇਹ ਪਰਿਵਾਰ ਵਾਕਿਆ ਹੀ ਨਸ਼ਾ ਵੇਚਦਾ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਫਿਲਹਾਲ ਇਹ ਪਰਿਵਾਰ ਸਦਮੇ ਵਿੱਚ ਜਰੂਰ ਹੈ ਕਿਉਂਕਿ ਇਸ ਵਾਰ ਦੋਸ਼ਾਂ ਦਾ ਸਾਹਮਣਾ ਕਰਨ ਦੀ ਵਾਰੀ ਉਨ੍ਹਾਂ ਦੀ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Facebook Comments
Facebook Comment