• 9:43 am
Go Back

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ਦਾ ਫਤਹਿਵੀਰ ਨਾਮਕ ਜਿਹੜਾ 3 ਸਾਲਾ ਬੱਚਾ ਜ਼ਮੀਨ ਦੇ ਹੇਠਾਂ 125 ਫੁੱਟ ਡੂੰਘੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ, ਉਸ ਨੂੰ ਕੱਢਣ ਲਈ ਐਨਡੀਆਰਐਫ ਦੀ ਇੱਕ ਹੋਰ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਲੋਕ ਅਤੇ ਪੰਜਾਬ ਸਰਕਾਰ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਦਾਅਵਾ ਹੈ ਕਿ ਫਤਹਿਵੀਰ ਨੂੰ ਅਗਲੇ ਕੁਝ ਪਲਾਂ ਵਿੱਚ ਬਾਹਰ ਕੱਢ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਐਨਡੀਆਰਐਫ ਦੀ ਜਿਹੜੀ ਟੀਮ ਹੁਣੇ ਹੁਣੇ ਭਗਵਾਨਪੁਰਾ ਪਹੁੰਚੀ ਹੈ ਉਸ ਨੂੰ ਇਹੋ ਜਿਹੇ ਮਾਮਲਿਆਂ ਨਾਲ ਨਜਿੱਠਣ ਦੀ ਮਹਾਰਤ ਹਾਸਲ ਹੈ ਤੇ ਆਧੁਨਿਕ ਤਕਨੀਕ ਨਾਲ ਲੈਸ ਇਹ ਟੀਮ ਫਤਹਿਵੀਰ ਨੂੰ ਬਚਾਉਣ ਵਿੱਚ ਹੋਰ ਦੇਰੀ ਨਹੀਂ ਹੋਣ ਦੇਵੇਗੀ।

ਇੱਧਰ ਸੂਬਾ ਸਰਕਾਰ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਇਸ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਹੋਰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹਨ। ਸਿੰਗਲਾ ਅਨੁਸਾਰ ਇਨ੍ਹਾਂ ਬਚਾਅ ਕਾਰਜਾਂ ‘ਤੇ ਆਉਣ ਵਾਲਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ, ਤੇ ਫਤਹਿਵੀਰ ਨੂੰ ਬਚਾਉਣ ਲਈ ਮੌਕੇ ‘ਤੇ ਆਧੁਨਿਕ ਤਕਨੀਕ ਨਾਲ ਲੈਸ ਐਂਬੂਲੈਂਸਾਂ ਵੀ ਮੌਜੂਦ ਹਨ। ਸਿੰਗਲਾ ਅਨੁਸਾਰ ਇਸ ਐਂਬੂਲੈਂਸ ਵਿੱਚ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਡਾਕਟਰੀ ਔਜਾਰ, ਆਕਸੀਜਨ ਤੇ ਇੱਥੋਂ ਤੱਕ ਕਿ ਵੈਂਟੀਲੇਟਰ ਦੀ ਸੁਵੀਧਾ ਵੀ ਮੁਹੱਈਆ ਕਰਵਾਈ ਗਈ ਹੈ। ਦੱਸ ਦਈਏ ਕਿ ਵਿਜੇ ਇੰਦਰ ਸਿੰਗਲਾ ਬੀਤੀ ਕੱਲ੍ਹ ਤੋਂ ਲਗਾਤਾਰ ਇਸ ਇਲਾਕੇ ਵਿੱਚ ਆਪ ਖੁਦ ਮੌਜੂਦ ਹਨ ਤੇ ਸਾਰੇ ਬਚਾਅ ਕਾਰਜਾਂ ਨੂੰ ਬੜੇ ਨੇੜੇ ਹੋ ਕੇ ਨਿਗਰਾਨੀ ਰੱਖ ਰਹੇ ਹਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਂਬੂਲੈਂਸਾਂ ਨੂੰ ਉਸ ਜਗ੍ਹਾ ਦੇ ਬਿਲਕੁਲ ਨਜਦੀਕ ਖੜ੍ਹਾ ਕੀਤਾ ਗਿਆ ਹੈ ਜਿੱਥੇ ਫਤਹਿਵੀਰ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ।

Facebook Comments
Facebook Comment