• 2:22 am
Go Back

ਨਵੀਂ ਦਿੱਲੀ: ਏਅਰ ਇੰਡੀਆ ਨੂੰ ਇਕ ਹੋਰ ਝਟਕਾ ਲੱਗ ਸਕਦਾ ਹੈ ਕਿਉਕਿ ਪਾਇਲਟਾਂ ਨੇ ਹੜਤਾਲ ‘ਤੇ ਜਾਣ ਦੇ ਸੰਕੇਤ ਦਿੱਤੇ ਹਨ। ਕੰਪਨੀ ਦੀ ਰੀਜ਼ਨਲ ਪਾਇਲਟ ਯੂਨਿਟ ਨੇ ਧਮਕੀ ਦਿੱਤੀ ਹੈ ਕਿ ਜੇਕਰ ਤਨਖਾਹ ‘ਚ ਦੇਰੀ ਹੁੰਦੀ ਰਹੀ ਤਾਂ ਉਹ ਮੈਨੇਜਮੈਂਟ ਨਾਲ ਸਹਿਯੋਗ ਬੰਦ ਕਰ ਦੇਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਏਅਰ ਇੰਡੀਆ ਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ। ਦਰਅਸਲ ਏਅਰਲਾਈਨ ਨੇ ਕੰਪਨੀ ਦੇ 11 ਹਜ਼ਾਰ ਕਰਮਚਾਰੀਆਂ ਦੀ ਤਨਖਾਹ ਦੇਣ ‘ਚ ਲਗਾਤਾਰ ਤੀਜੇ ਮਹੀਨੇ ਦੇਰੀ ਕੀਤੀ ਹੈ। ਖਬਰਾਂ ਮੁਤਾਬਕ ਭਾਰਤੀ ਵਪਾਰਕ ਪਾਇਲਟ ਸੰਗਠਨ ਦੀ ਕੇਂਦਰੀ ਕਾਰਜਕਾਰੀ ਕਮੇਟੀ (ਆਈ. ਸੀ. ਪੀ. ਏ.) ਨੂੰ ਲਿੱਖੇ ਪੱਤਰ ‘ਚ ਰੀਜ਼ਨਲ ਕਾਰਜਕਾਰੀ ਕਮੇਟੀ ਨੇ ਕਿਹਾ ਹੈ ਕਿ ਜਦੋਂ ਤਕ ਸਮੇਂ ‘ਤੇ ਤਨਖਾਹ ਮਿਲਣੀ ਸ਼ੁਰੂ ਨਹੀਂ ਹੋ ਜਾਂਦੀ, ਉਦੋਂ ਤਕ ਉਸ ਵੱਲੋਂ ਅਸਹਿਯੋਗ ਜਾਰੀ ਰਹੇਗਾ।
ਪਾਇਲਟ ਸੰਗਠਨ ਨੇ ਧਮਕੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਏਅਰ ਇੰਡੀਆ ਕੰਮਕਾਜੀ ਪੂੰਜੀ ਲਈ 1 ਹਜ਼ਾਰ ਕਰੋੜ ਰੁਪਏ ਦਾ ਸ਼ਾਰਟ ਟਰਮ ਲੋਨ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਿਪੋਰਟਾਂ ਮੁਤਾਬਕ ਪੱਤਰ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਰੀਜ਼ਨਲ ਕਾਰਜਕਾਰੀ ਕਮੇਟੀ (ਆਰ. ਈ. ਸੀ.) ਦੀ ਬੈਠਕ ਹੋਈ ਸੀ, ਜਿਸ ‘ਚ ਇਹ ਫੈਸਲਾ ਲਿਆ ਗਿਆ ਕਿ ਸਮੇਂ ‘ਤੇ ਤਨਖਾਹ ਨਹੀਂ ਮਿਲਣਾ ਵਿੱਤੀ ਅਤੇ ਮਾਨਸਿਕ ਪ੍ਰੇਸ਼ਾਨੀ ਦੀ ਤਰ੍ਹਾਂ ਹੈ। ਇਸ ਨਾਲ ਫਲਾਈਟ ਦੀ ਸੁਰੱਖਿਆ ਖਤਰੇ ‘ਚ ਪੈਂਦੀ ਹੈ। ਕਮੇਟੀ ਨੇ ਕਿਹਾ ਕਿ ਤਨਖਾਹ ‘ਚ ਦੇਰੀ ਕਾਰਨ ਸਟਾਫ ਦੀ ਰੋਜ਼ਾਨਾ ਦੀ ਜ਼ਿੰਦਗੀ ‘ਤੇ ਬੁਰਾ ਅਸਰ ਪੈ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਕਰਜ਼ਾ ਲੈ ਰੱਖਿਆ ਹੈ ਉਨ੍ਹਾਂ ਨੂੰ ਵਿੱਤੀ ਸੰਸਥਾਨ ਕਿਸ਼ਤ ਲਈ ਪ੍ਰੇਸ਼ਾਨ ਕਰ ਰਹੇ ਹਨ। ਪੱਤਰ ਮੁਤਾਬਕ ਜਦੋਂ ਤਕ ਤਨਖਾਹ ਨਹੀਂ ਦਿੱਤੀ ਜਾਂਦੀ ਉਦੋਂ ਤਕ ਆਰ. ਈ. ਸੀ. ਨੇ ਮੈਨੇਜਮੈਂਟ ਨਾਲ ਸਹਿਯੋਗ ਬੰਦ ਕਰਨ ਦਾ ਫੈਸਲਾ ਕੀਤਾ ਹੈ। ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਮਈ ਦੀ ਤਨਖਾਹ ਲਈ 15 ਜੂਨ ਤਕ ਉਡੀਕ ਕਰਨੀ ਪੈ ਸਕਦੀ ਹੈ। ਏਅਰਲਾਈਨ ਨੇ ਹੀ ਆਪਣੇ ਸਟਾਫ ਨੂੰ ਇਹ ਸੂਚਨਾ ਦਿੱਤੀ ਹੈ। ਆਮ ਤੌਰ ‘ਤੇ ਹਰ ਮਹੀਨੇ ਦੀ ਤਨਖਾਹ ਮਹੀਨਾ ਖਤਮ ਹੋਣ ਦੇ ਦਿਨ ਹੀ ਮਿਲ ਜਾਂਦੀ ਹੈ ਪਰ ਤਿੰਨ ਮਹੀਨਿਆਂ ਤੋਂ ਇਸ ‘ਚ ਦੇਰੀ ਹੋ ਰਹੀ ਹੈ। ਸਰਕਾਰੀ ਜਹਾਜ਼ ਕੰਪਨੀ ‘ਚ ਤਕਰੀਬਨ 11,000 ਕਰਮਚਾਰੀ ਹਨ। ਏਅਰ ਇੰਡੀਆ ਇਸ ਲਈ 1,000 ਕਰੋੜ ਰੁਪਏ ਦਾ ਕਰਜ਼ਾ ਛੋਟੇ ਸਮੇਂ ਲਈ ਲੈ ਰਹੀ ਹੈ। ਇਹ ਕਰਜ਼ਾ ਇਕ ਸਾਲ ਲਈ ਹੋਵੇਗਾ। ਹਾਲਾਂਕਿ ਇਸ ਨੂੰ ਰੀਨਿਊ ਵੀ ਕੀਤਾ ਜਾ ਸਕਦਾ ਹੈ। ਕੰਮਕਾਜੀ ਪੂੰਜੀ ਅਤੇ ਹੋਰਨਾਂ ਜ਼ਰੂਰਤਾਂ ਲਈ ਏਅਰ ਇੰਡੀਆ ਨੇ ਸਤੰਬਰ 2017 ਤੋਂ ਇਸ ਸਾਲ ਜਨਵਰੀ ਤਕ 6,250 ਕਰੋੜ ਦਾ ਕਰਜ਼ਾ ਵੀ ਲਿਆ ਸੀ। ਉੱਥੇ ਹੀ ਪਿਛਲੇ ਮਹੀਨੇ ਏਅਰਲਾਈਨ ‘ਚ 76 ਫੀਸਦੀ ਹਿੱਸੇਦਾਰੀ ਵੇਚਣ ਦੀ ਸਰਕਾਰ ਦੀ ਕੋਸ਼ਿਸ਼ ਨਾਕਾਮ ਰਹੀ। ਜਾਣਕਾਰੀ ਮੁਤਾਬਕ ਇਸ ਸਾਲ ਇਹ ਕੋਸ਼ਿਸ਼ ਫਿਰ ਕੀਤੀ ਜਾ ਸਕਦੀ ਹੈ।

Facebook Comments
Facebook Comment