• 12:05 am
Go Back

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਵਿਚ ਦੱਸਿਆ ਕਿ ਇਰਾਕ ਵਿਚ ਤਿੰਨ ਸਾਲ ਪਹਿਲਾਂ ਅਗਵਾ ਕੀਤੇ ਗਏ ਸਾਰੇ 39 ਭਾਰਤੀ ਮਾਰੇ ਜਾ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਸੁਸ਼ਮਾ ਨੇ ਰਾਜ ਸਭਾ ਵਿਚ ਰਸਮੀ ਬਿਆਨ ਦਿੰਦਿਆਂ ਦੱਸਿਆ ਕਿ ਹਾਲੇ ਇਹ ਪਤਾ ਨਹੀਂ ਲੱਗਾ ਕਿ ਇਹ ਭਾਰਤੀ ਕਦੋਂ ਮਾਰੇ ਗਏ? ਉਨ੍ਹਾਂ ਦੱਸਿਆ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਵਾਸੀ ਇਨ੍ਹਾਂ ਭਾਰਤੀਆਂ ਦੀਆਂ ਲਾਸ਼ਾਂ ਮੋਸੂਲ ਸ਼ਹਿਰ ਦੇ ਉੱਤਰ ਪੱਛਮ ਵਿਚ ਪੈਂਦੇ ਬਦੁਸ਼ ਪਿੰਡ ਤੋਂ ਮਿਲੀਆਂ ਹਨ। ਮਰਨ ਵਾਲਿਆਂ ਵਿਚ 27 ਜਣੇ ਪੰਜਾਬ ਨਾਲ ਸਬੰਧਿਤ ਹਨ ਅਤੇ ਬਾਕੀਆਂ ਵਿਚੋਂ 6 ਬਿਹਾਰ ਦੇ, 4 ਹਿਮਾਚਲ ਦੇ ਅਤੇ 2 ਪੱਛਮੀ ਬੰਗਾਲ ਦੇ ਹਨ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਬਦੁਸ਼ ਵਿਚ ਸਮੂਹਕ ਕਬਰ ਪੁੱਟ ਕੇ ਕੱਢੀਆਂ ਗਈਆਂ ਇਨ੍ਹਾਂ ਲਾਸ਼ਾਂ ਦੀ ਡੀਐਨਏ ਜਾਂਚ ਕੀਤੀ ਗਈ ਜਿਸ ਮਗਰੋਂ ਇਨ੍ਹਾਂ ਭਾਰਤੀਆਂ ਦੀ ਪਛਾਣ ਹੋ ਸਕੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਹਾਜ਼ ਜ਼ਰੀਏ ਇਨ੍ਹਾਂ ਲਾਸ਼ਾਂ ਨੂੰ ਭਾਰਤ ਲਿਆਂਦਾ ਜਾਵੇਗਾ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਜਾਵੇਗਾ। ਕਰੀਬ ਤਿੰਨ ਸਾਲ ਪਹਿਲਾਂ 40 ਭਾਰਤੀ ਕਾਮਿਆਂ ਨੂੰ ਮੋਸੂਲ ਵਿਚ ਅਤਿਵਾਦੀ ਸੰਗਠਨ ਆਈਐਸਆਈਐਸ ਨੇ ਬੰਧਕ ਬਣਾ ਲਿਆ ਸੀ। ਬੰਧਕ ਬਣਾਏ ਗਏ ਲੋਕਾਂ ਵਿਚ ਕੁੱਝ ਬੰਗਲਾਦੇਸ਼ੀ ਵੀ ਸਨ। ਭਾਰਤੀਆਂ ਵਿਚੋਂ ਹਰਜੀਤ ਮਸੀਹ ਨਾਮਕ ਵਿਅਕਤੀ ਕਿਸੇ ਤਰ੍ਹਾਂ ਬਚ ਨਿਕਲਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਹੋਰ ਭਾਰਤੀਆਂ ਨੂੰ ਆਈਐਸ ਦੇ ਲੜਾਕਿਆਂ ਦੇ ਹੱਥੋਂ ਮਰਦਿਆਂ ਨੂੰ ਵੇਖਿਆ ਹੈ ਪਰ ਕੇਂਦਰ ਸਰਕਾਰ ਨੇ ਉਸ ਦਾ ਇਹ ਦਾਅਵਾ ਰੱਦ ਕਰ ਦਿੱਤਾ ਸੀ।
ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀ ਸੂਚੀ – ਮਾਰੇ ਗਏ 39 ਭਾਰਤੀਆਂ ‘ਚ 27 ਲੋਕ ਪੰਜਾਬ ਦੇ ਸਨ। ਮਾਰੇ ਗਏ ਪੰਜਾਬੀਆਂ ‘ਚ ਮਨਜਿੰਦਰ ਸਿੰਘ ਵਾਸੀ ਪਿੰਡ ਭਿਓਵਾਲ (ਅੰਮ੍ਰਿਤਸਰ), ਜਤਿੰਦਰ ਸਿੰਘ ਪਿੰਡ ਸਿਲਕਾ (ਅੰਮ੍ਰਿਤਸਰ), ਹਰਸਿਮਰਜੀਤ ਸਿੰਘ ਪਿੰਡ ਬਾਬੋਵਾਲ (ਅੰਮ੍ਰਿਤਸਰ), ਸੋਨੂੰ ਸ਼ੀਰਾ ਚਵਿੰਡਾ ਦੇਵੀ (ਅੰਮ੍ਰਿਤਸਰ), ਗੁਰਚਰਨ ਸਿੰਘ ਜਲਾਲ ਉਸਮਾਂ (ਅੰਮ੍ਰਿਤਸਰ), ਕੰਵਲਜੀਤ ਸਿੰਘ ਰੂਪਾਪਾਲੀ (ਗੁਰਦਾਸਪੁਰ), ਨਿਸ਼ਾਨ ਸਿੰਘ ਸੰਗੋਆਣਾ ਕਮਾਨਪੁਰ (ਅੰਮ੍ਰਿਤਸਰ), ਹਰੀਸ਼ ਕੁਮਾਰ, ਸਤਪਾਲ ਸਿੰਘ ਬਟਾਲਾ (ਗੁਰਦਾਸਪੁਰ), ਗੋਬਿੰਦ ਸਿੰਘ ਹਮੀਰਾ (ਕਪੂਰਥਲਾ), ਮਲਕੀਤ ਸਿੰਘ ਤਿਲਵਾਲੀ ਬਾਲਟ (ਗੁਰਦਾਸਪੁਰ), ਰਣਜੀਤ ਸਿੰਘ ਮਾਨਾਂਵਾਲਾ (ਅੰਮ੍ਰਿਤਸਰ), ਧਰਮਿੰਦਰ ਕੁਮਾਰ ਤਲਵੰਡੀ ਝੀਰਾ (ਗੁਰਦਾਸਪੁਰ), ਬਲਵੰਤ ਰਾਏ (ਜਲੰਧਰ), ਕਮਲਜੀਤ ਸਿੰਘ ਚੋਚੀ ਕਲਾਂ (ਹੁਸ਼ਿਆਰਪੁਰ), ਗੁਰਦੀਪ ਸਿੰਘ ਜਾਇਦਪੁਰ (ਹੁਸ਼ਿਆਰਪੁਰ), ਕੁਲਵਿੰਦਰ ਖਾਨਕੇ (ਭੋਗਪੁਰ), ਰੂਪ ਲਾਲ ਬਾਠ ਕਲਾਂ (ਜਲੰਧਰ) , ਸੁਰਜੀਤ ਮਾਨਕਾ ਚੁਰੂਵਾਲੀ (ਜਲੰਧਰ), ਪਰਵਿੰਦਰ ਕੁਮਾਰ ਜਗਤਪੁਰ, ਪ੍ਰਿਤਪਾਲ ਸ਼ਰਮਾ ਧੂਰੀ, ਰਾਕੇਸ਼ ਕਾਦੀਆਂ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਅਮਨ ਕੁਮਾਰ (ਹਿਮਾਚਲ ਪ੍ਰਦੇਸ਼), ਇੰਦਰਜੀਤ (ਹਿਮਾਚਲ ਪ੍ਰਦੇਸ਼), ਸੰਦੀਪ ਕੁਮਾਰ (ਹਿਮਾਚਲ ਪ੍ਰਦੇਸ਼), ਵਿੱਦਿਆ ਭੂਸ਼ਨ ਤਿਵਾੜੀ (ਬਿਹਾਰ) ਤੇ ਸੰਤੋਸ਼ ਕੁਮਾਰ (ਬਿਹਾਰ) ਦੇ ਨਾਂ ਵੀ ਮ੍ਰਿਤਕਾਂ ‘ਚ ਸ਼ਾਮਿਲ ਹਨ।

Facebook Comments
Facebook Comment