• 4:05 am
Go Back

ਰੋਮ : ਇਟਲੀ ਵਿਚ ਬਹੁਤ ਘੱਟ ਅਜਿਹੇ ਕੇਸ ਹਨ, ਜਿਹੜੇ ਕਿ ਜ਼ਬਰ-ਜਨਾਹ ਨਾਲ ਸਬੰਧਤ ਹੋਣ ਪਰ ਰੋਮ ਵਿਚ ਇਕ 44 ਸਾਲਾ ਮਹਿਲਾ ਨੂੰ ਜ਼ਬਰਦਸਤੀ ਅਗਵਾ ਕਰ ਕੇ 4 ਵਿਅਕਤੀਆਂ ਵੱਲੋਂ ਸਮੂਹਕ ਜ਼ਬਰ-ਜਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖ਼ਬਰ ਅਨੁਸਾਰ ਇਕ ਮਹਿਲਾ ਰੋਮ ਖੇਤਰ ਦੇ ਰੇਬੀਬੀਆ ਬੱਸ ਸਟਾਪ ਉੱਤੇ ਕੰਮ ਤੋਂ ਵਾਪਸ ਘਰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ। ਇਕੱਲੀ ਖੜ੍ਹੀ ਇਸ ਮਹਿਲਾ ਦੇ ਕੋਲ ਅਚਾਨਕ ਇਕ ਲਾਲ ਰੰਗ ਦੀ ਪਾਂਡਾ ਕਾਰ ਆ ਕੇ ਰੁਕੀ, ਜਿਸ ਵਿਚ 2 ਇੰਡੀਅਨ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਮਹਿਲਾ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿਅਕਤੀਆਂ ਵਿਚੋਂ ਇਕ ਨੇ ਮਹਿਲਾ ਨੂੰ ਕਾਰ ਵਿਚ ਲਿਫਟ ਦੇਣ ਦੀ ਪੇਸ਼ਕਸ਼ ਕੀਤੀ। ਮਹਿਲਾ ਵੱਲੋਂ ਇਨਕਾਰ ਕਰਨ ‘ਤੇ ਵਿਅਕਤੀਆਂ ਨੇ ਮਹਿਲਾ ਨਾਲ ਜ਼ਬਰਦਸਤੀ ਕਰਦਿਆਂ ਮਹਿਲਾ ਨਾਲ ਕੁੱਟਮਾਰ, ਖਿੱਚਧੂਹ ਕੀਤੀ ਅਤੇ ਚਾਕੂ ਦਿਖਾ ਕੇ ਡਰਾਇਆ ਧਮਕਾਇਆ। ਫਿਰ ਇਨ੍ਹਾਂ ਵਿਅਕਤੀਆਂ ਨੇ ਜ਼ਬਰਦਸਤੀ ਮਹਿਲਾ ਨੂੰ ਕਾਰ ਵਿਚ ਖਿੱਚ ਲਿਆ ਅਤੇ ਕਾਰ ਲੈ ਕੇ ਫਰਾਰ ਹੋ ਗਏ। ਕਾਰ ਨੂੰ ਚਲਾ ਰਹੇ ਵਿਅਕਤੀ ਨੇ ਕਾਰ ਨੂੰ ਗੁਈਦੋਨੀਆ ਦੇ ਖਰਾਬ ਰਾਹ ਵੀਆ ਦੇਲਾ ਸੇਲਚਾਤੇਲਾ ਵੱਲ ਮੋੜ ਲਿਆ। ਉੱਥੇ ਇਕ ਪੁੱਲ ਦੇ ਹੇਠਾਂ ਪਹਿਲਾਂ ਤੋਂ ਹੀ 2 ਹੋਰ ਵਿਦੇਸ਼ੀ ਵਿਅਕਤੀ (ਭਾਰਤੀ ਜਾਂ ਬੰਗਲਾਦੇਸ਼ੀ) ਇੰਤਜਾਰ ਕਰ ਰਹੇ ਸਨ। ਇਨ੍ਹਾਂ 4 ਵਿਦੇਸ਼ੀ ਵਿਅਕਤੀਆਂ ਨੇ ਮਹਿਲਾ ਨਾਲ ਸਮੂਹਕ ਜ਼ਬਰ-ਜਨਾਹ ਕਰਨ ਉਪਰੰਤ ਮਹਿਲਾ ਨੂੰ ਕਾਰ ਵਿਚੋਂ ਬਾਹਰ ਸੁੱਟ ਦਿੱਤਾ। ਸੂਚਨਾ ਤੋਂ ਤੁਰੰਤ ਬਾਅਦ ਹੀ ਪੁਲਸ ਘਟਨਾ ਸਥਾਨ ਉੱਤੇ ਪਹੁੰਚ ਗਈ ਅਤੇ ਮਹਿਲਾ ਨੂੰ ਤਿਵੋਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਹਸਪਤਾਲ ਵਿਚ ਜਾਂਚ ਉਪਰੰਤ ਡਾਕਟਰਾਂ ਨੇ ਮਹਿਲਾ ਨਾਲ ਜ਼ਬਰ-ਜਨਾਹ ਦੀ ਪੁਸ਼ਟੀ ਕਰ ਦਿੱਤੀ ਹੈ। ਉਪਰੋਕਤ ਸਾਰੀ ਘਟਨਾ ਪੀੜਤ ਮਹਿਲਾ ਨੇ ਪੁਲਸ ਨੂੰ ਦੱਸੀ। ਪੁਲਸ ਰੇਬੀਬੀਆ ਬੱਸ ਸਟਾਪ ਦੇ ਆਸ ਪਾਸ ਦੇ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਬਹੁਤ ਹੀ ਘਿਨੌਣੀ ਹਰਕਤ ਨਾਲ ਇਟਲੀ ਵਿਚ ਭਾਰਤੀ ਭਾਈਚਾਰੇ ਦੇ ਮਾਣ-ਸਨਮਾਨ ਨੂੰ ਵੱਡੀ ਢਾਹ ਲੱਗੀ ਹੈ।

Facebook Comments
Facebook Comment