• 12:19 pm
Go Back

ਡੇਰਾ ਬਾਬਾ ਨਾਨਕ : ਅੱਜ 28 ਦਸੰਬਰ ਹੈ ਜਿੱਥੇ ਅੱਜ ਦੇ ਦਿਨ ਜਦੋਂ ਇੱਕ ਮਹੀਨਾ ਪਹਿਲਾਂ ਪਾਕਿਸਤਾਨ ਵਾਲੇ ਪਾਸਿਓਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਲਈ ਉਦਘਾਟਨੀ ਸਮਾਗਮ ਕੀਤੇ ਜਾਣ ਦਾ ਐਲਾਨ ਹੋਇਆ ਤਾਂ ਉਸ ਵੇਲੇ ਭਾਰਤ ਸਰਕਾਰ ਨੂੰ ਆਪਣੇ ਵਾਲੇ ਪਾਸੇ ਇਹ ਉਦਘਾਟਨ ਦੋ ਦਿਨ ਪਹਿਲਾਂ ਕਰਨ ਲਈ ਇੰਝ ਭਾਜੜ ਪੈ ਗਈ ਜਿਵੇਂ ਜੇਕਰ ਪਾਕਿਸਤਾਨ ਸਰਕਾਰ ਇਹ ਉਦਘਾਟਨ ਪਹਿਲਾਂ ਕਰ ਗਿਆ ਤਾਂ ਭਾਰਤ ਅੰਦਰ ਪਤਾ ਨਹੀਂ ਕਿਹੜਾ ਭੁਚਾਲ ਆ ਜਾਵੇਗਾ। ਲਿਹਾਜ਼ਾ ਭਾਰਤ ਵਾਲੇ ਪਾਸਿਉਂ ਇਹ ਸਮਾਗਮ ਪਾਕਿਸਤਾਨ ਤੋਂ ਵੀ ਦੋ ਦਿਨ ਪਹਿਲਾਂ ਕੀਤੇ ਜਾਣ ਲਈ ਦੜੰਗੇ ਮਾਰ ਤੇਜ਼ੀ ਦਿਖਾਈ ਗਈ ਤੇ 26 ਨਵੰਬਰ ਵਾਲੇ ਦਿਨ ਸਟੇਜ ਤੋਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ-ਕੱਢ ਕੇ ਹੀ ਸਹੀ ਪਰ ਦੋ ਦਿਨ ਪਹਿਲਾਂ ਇਹ ਸਮਾਗਮ ਕਰ ਦਿੱਤਾ ਗਿਆ। ਉਸ ਵੇਲੇ ਇੰਝ ਲੱਗਾ ਜਿਵੇਂ ਭਾਰਤ ਸਰਕਾਰ ਇਸ ਲਾਂਘੇ ਨੂੰ 15 ਦਿਨ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਬੇਹੱਦ ਕਾਹਲੀ ਹੈ। ਪਰ ਅੱਜ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਉਦਘਾਟਨੀ ਸਮਾਗਮ ਵਾਲੀ ਜਗ੍ਹਾ ਤੇ ਜਾ ਕੇ ਜਦੋਂ ਮੌਕਾ ਦੇਖਿਆ ਗਿਆ ਤਾਂ ਇਹ ਦੇਖ ਕੇ ਹੈਰਾਨੀ ਦੀ ਕੋਈ ਸੀਮਾ ਹੀ ਨਹੀਂ ਰਹੀ ਕਿ ਉੱਥੇ ਲਾਂਘਾ ਉਸਾਰੇ ਜਾਣ ਦਾ ਅਜੇ ਕੋਈ ਪਲੈਨ ਹੀ ਨਹੀਂ ਹੈ। ਹਾਲਾਤ ਇਹ ਹਨ ਕਿ ਅਜੇ ਤੱਕ ਇੱਥੇ ਇੱਕ ਇੱਟ ਵੀ ਨਹੀਂ ਲਾਈ ਗਈ। ਹਿੰਦੁਸਤਾਨ ਸਰਕਾਰ ਵਲੋਂ ਕੀਤੀ ਜਾ ਰਹੀ ਇਹ ਦੇਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਮਨਾਂ ਅੰਦਰ ਇਹ ਡਰ ਪੈਦਾ ਕਰਨ ਲਈ ਕਾਫੀ ਹੈ ਕਿ ਕਿਤੇ “ਸਰਕਾਰ ਦੇ ਲਾਰੇ ਰਹਿੰਦੇ ਨੇ ਕੁਆਰੇ” ਵਾਲੀ ਕਹਾਵਤ ਸੱਚ ਹੋਣ ਤਾਂ ਨਹੀਂ ਜਾ ਰਹੀ।

ਇਸ ਸਬੰਧ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਲਈ ਅਰਦਾਸ ਕਰਨ ਲਈ ਰਾਵੀ ਦਰਿਆ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਬਾਜਵਾ ਡਰ ਜ਼ਾਹਿਰ ਕਰਦੇ ਹਨ ਕਿ ਜਿਉਂ ਜਿਉਂ ਵੇਲਾ ਲੰਘਦਾ ਜਾ ਰਿਹਾ ਹੈ ਤਿਉਂ-ਤਿਉਂ ਸਿੱਖ ਸੰਗਤਾਂ ਦੇ ਮਨਾਂ ਅੰਦਰ ਇਸ ਲਾਂਘੇ ਨੂੰ ਲੈ ਕੇ ਦੁਚਿੱਤੀ ਵਾਲੇ ਹਾਲਾਤ ਪੈਦਾ ਹੋ ਰਹੇ ਹਨ। ਬਾਜਵਾ ਅਨੁਸਾਰ ਅਜਿਹਾ ਹੋਣਾ ਸੁਭਾਵਿਕ ਹੈ ਕਿਉਂਕਿ ਮੌਕੇ ਦੇ ਹਾਲਾਤ ਲੋਕਾਂ ਨੂੰ ਅਜਿਹਾ ਸੋਚਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਇੱਥੇ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਵੇ ਤਾਂ ਕਿ ਮਿੱਥੇ ਸਮੇਂ ਅਨੁਸਾਰ ਇਸ ਲਾਂਘੇ ਨੂੰ ਮੁਕੰਮਲ ਕੀਤਾ ਜਾ ਸਕੇ।

ਉੱਧਰ ਦੂਜੇ ਪਾਸੇ ਜੇਕਰ ਪਾਕਿਸਤਾਨ ਵਾਲੇ ਪਾਸੇ ਨਿਗ੍ਹਾ ਮਾਰੀ ਜਾਵੇ ਤਾਂ ਉੱਥੇ ਇਸ ਲਾਂਘੇ ਦੀ ਉਸਾਰੀ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ ਤੇ ਨਿੱਤ-ਦਿਹਾੜੇ ਪਾਕਿਸਤਾਨ ਸਰਕਾਰ ਇਸ ਲਾਂਘੇ ਨੂੰ ਲੈ ਕੇ ਕੋਈ ਨਾ ਕੋਈ ਬਿਆਨਬਾਜ਼ੀ ਕਰਕੇ ਸਿੱਖ ਸੰਗਤਾਂ ਨੂੰ ਇਹ ਵਿਸ਼ਵਾਸ ਦੁਆਉਂਦੀ ਹੈ ਕਿ ਉਹ ਲਾਂਘਾ ਖੋਲ੍ਹਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇੱਥੋਂ ਤੱਕ ਕਿ ਪਾਕਿਸਤਾਨ ਸਰਕਾਰ ਨੇ ਇਸ ਲਾਂਘੇ ਸਬੰਧੀ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਸਿੱਖ ਸੰਗਤਾਂ ਨੂੰ ਇਸ ਲਾਂਘੇ ’ਚੋਂ ਗੁਜ਼ਾਰ ਕੇ ਭਾਰਤ ਵਾਲੇ ਪਾਸਿਉਂ ਪਾਕਿਸਤਾਨ ਕਿਵੇਂ ਲਿਜਾਇਆ ਜਾਵੇਗਾ, ਉੱਥੇ ਕਿੰਨੀ ਦੇਰ ਦਾ ਠਹਿਰਾਉ ਹੋਵੇਗਾ, ਕਿੰਨੀ ਟਿਕਟ ਲਾਈ ਜਾਵੇਗੀ ਤੇ ਵੀਜ਼ਾ ਅਤੇ ਬਿਨਾਂ ਵੀਜ਼ਾ ਵਾਲਿਆਂ ਨੂੰ ਉੱਥੇ ਕਿੰਨੀ ਦੇਰ ਦਾ ਠਹਿਰਾਉ ਮਿਲੇਗਾ। ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਵੀ ਇਹ ਸਾਫ਼ ਦਿਖਾਈ ਦਿੱਤਾ ਸੀ ਕਿ ਪਾਕਿਸਤਾਨ ਵਾਲੇ ਪਾਸੇ ਉਸਾਰੀ ਦੇ ਕੰਮਾਂ ਵਿੱਚ ਆਉਣ ਵਾਲੀਆਂ ਗੱਡੀਆਂ, ਮਸ਼ੀਨਾਂ ਅਤੇ ਮਟੀਰੀਅਲ ਉੱਥੇ ਬੜੀ ਤੇਜ਼ੀ ਨਾਲ ਪਹੁੰਚਾਏ ਜਾ ਰਹੇ ਹਨ।

ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਭਾਰਤ ਵਾਲੇ ਪਾਸੇ ਛਾਈ ਚੁੱਪੀ ਕਾਰਨ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਮਨਾਂ ਅੰਦਰ ਡਰ ਪੈਦਾ ਹੋਣਾ ਲਾਜ਼ਮੀ ਹੈ ਤੇ ਇਸ ਡਰ ਦੇ ਪੈਦਾ ਹੋਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਹਿੰਦੁਸਤਾਨ ਸਰਕਾਰ ਵਲੋਂ ਇਸ ਲਾਂਘੇ ਨੂੰ ਖੋਲ੍ਹਣ ਦੇ ਯਤਨ ਤਾਂ ਕੀ ਕੀਤੇ ਜਾਣੇ ਹਨ ਉਲਟਾ ਪਾਕਿਸਤਾਨ ਸਰਕਾਰ ਵਿਰੁੱਧ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਉਸ ਡਰ ਨੂੰ ਹੋਰ ਵਧਾ ਰਿਹਾ ਹੈ ਜਿਹੜਾ ਇਹ ਸੋਚਣ ਤੇ ਮਜਬੂਰ ਕਰ ਰਿਹਾ ਹੈ ਕਿ ਕਿਤੇ ਆਪਸੀ ਲੜਾਈ ਵਿੱਚ ਇਹ ਲੋਕ ਕਿਤੇ ਲਾਂਘਾ ਖੁਲ੍ਹਦਾ ਖੁਲ੍ਹਦਾ ਬੰਦ ਹੀ ਨਾ ਕਰਵਾ ਦੇਣ।

Facebook Comments
Facebook Comment