• 1:20 pm
Go Back

ਕੁਲਵੰਤ ਸਿੰਘ

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ਦੇ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ 2 ਸਾਲਾ ਇਕਲੌਤਾ ਪੁੱਤਰ ਫਤਹਿਵੀਰ ਸਿੰਘ ਬੀਤੇ 42 ਘੰਟਿਆਂ ਤੋਂ ਵੱਧ ਸਮੇਂ ਤੋਂ ਇੱਕ ਅਜਿਹੇ ਬੋਰਵੈੱਲ ਅੰਦਰ ਫਸਿਆ ਹੋਇਆ ਹੈ ਜਿਸ ਨੂੰ ਬਚਾਉਣ ਲਈ ਜਿਲ੍ਹਾ ਪ੍ਰਸਾਸ਼ਨ ਅਤੇ ਕੁਦਰਤੀ ਆਫ਼ਤਾਂ ਤੋਂ ਬਚਾਉਣ ਵਾਲੀ ਸੰਸਥਾ ਐਨਡੀਆਰਐਫ ਦੇ ਜਵਾਨ ਦਿਨ ਰਾਤ ਬਿਨਾਂ ਰੁਕੇ ਲਗਾਤਾਰ ਕੰਮ ਕਰ ਰਹੇ ਹਨ। ਇਸ ਦੌਰਾਨ ਜਿਸ ਚੀਜ਼ ਨੇ ਸਭ ਤੋਂ ਵੱਧ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ, ਡੇਰਾ ਸਿਰਸਾ ਦੀ ਸੰਸਥਾ ਸ਼ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਜਿਸ ਦੇ ਦਰਜ਼ਨਾਂ ਲੋਕ ਬਿਨਾਂ ਕਿਸੇ ਸੱਦੇ ਅਤੇ  ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਆਪੋ ਆਪਣੀਆਂ ਵਰਦੀਆਂ ਪਾ ਕੇ ਉੱਥੇ ਆਣ ਪਹੁੰਚੇ ਤੇ ਇਹ ਲੋਕ ਐਨਡੀਆਰਐਫ ਦੀਆਂ ਟੀਮਾਂ ਨਾਲ ਰਲ ਕੇ ਦੇਸੀ ਢੰਗ ਨਾਲ ਮਿੱਟੀ ਪੁੱਟ ਕੇ ਬੱਚੇ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸੁਨਾਮ ਤੋਂ ਸਾਡੇ ਪੱਤਰਕਾਰ ਕ੍ਰਿਸ਼ਨ ਸਿੰਘ ਵੱਲੋਂ ਭੇਜੀਆਂ ਜਾ ਰਹੀਆਂ ਲਾਇਵ ਤਸਵੀਰਾਂ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਜਿਲ੍ਹਾ ਪ੍ਰਸਾਸ਼ਨ ਅਤੇ ਐਨਡੀਆਰਐਫ ਦੇ ਜ਼ਵਾਨ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਧਰਤੀ ਪੁੱਟ ਕੇ ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ ਉੱਥੇ ਡੇਰਾ ਸਿਰਸਾ ਦੇ ਇਨ੍ਹਾਂ ਲੋਕਾਂ ਨੇ ਹੱਥਾਂ ਨਾਲ ਮਿੱਟੀ ਪੁੱਟ ਕੇ ਫਤਹਿਵੀਰ ਨੂੰ ਬਚਾਉਣ ਲਈ ਵੱਖਰਾ ਉਪਰਾਲਾ ਕਰਨਾ ਸ਼ੁਰੂ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਹ ਸਭ ਉਸ ਵੇਲੇ ਹੋਇਆ ਜਦੋਂ ਪਿਛਲੇ 42 ਘੰਟਿਆਂ ਤੋਂ ਵੱਧ ਸਮੇਂ ਦੌਰਾਨ ਆਲੇ ਦੁਆਲੇ ਦੇ ਦਰਜ਼ਨਾ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਇੱਥੇ ਆ ਕੇ ਚੱਲ ਰਹੇ ਕੰਮਾਂ ਨੂੰ ਦੇਖਣ ਦੇ ਨਾਂ ‘ਤੇ ਤਮਾਸ਼ਾ ਤਾਂ ਦੇਖਦੇ ਜਰੂਰ ਨਜਰ ਆਏ, ਪਰ ਅੱਗੇ ਵਧ ਕੇ ਇਸ ਕੰਮ ਵਿੱਚ ਪ੍ਰਸਾਸ਼ਨ ਦੀ ਮਦਦ ਕਰਨ ਦੀ ਹਿੰਮਤ ਕਿਸੇ ਨੇ ਨਹੀਂ ਦਿਖਾਈ। ਡੇਰੇ ਵਾਲਿਆਂ ਦੇ ਇਸ ਯੋਗਦਾਨ ਨੂੰ ਦੇਖ ਕੇ ਇਹ ਚਰਚਾ ਛਿੜ ਗਈ ਹੈ ਕਿ ਇਹੋ ਕਾਰਨ ਹੈ ਕਿ ਲੋਕ ਡੇਰਾ ਸਿਰਸਾ ਦੇ ਇੰਨੇ ਭਗਤ ਬਣ ਗਏ ਹਨ ਕਿ ਇਸ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਅਤੇ ਕਤਲ ਕਾਂਡ ਵਿੱਚ ਜੇਲ੍ਹ ਹੋ ਜਾਣ ਦੇ ਬਾਵਜੂਦ ਅੱਜ ਵੀ ਲੋਕ ਉਸੇ ਭਗਤੀ ਭਾਵ ਨਾਲ ਇਸ ਡੇਰੇ ਨਾਲ ਜੁੜੇ ਹੋਏ ਹਨ ਜਿਸ ਭਗਤੀ ਭਾਵ ਨਾਲ ਉਹ ਬਾਬੇ ਨੂੰ ਸਜ਼ਾ ਹੋਣ ਤੋਂ ਪਹਿਲਾਂ ਜੁੜੇ ਹੋਏ ਸਨ।

ਦੱਸ ਦਈਏ ਕਿ ਬੀਤੇ ਸਮੇਂ ਦੌਰਾਨ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖ ਭਾਈਚਾਰੇ ਵਿਚਕਾਰ ਵੱਡੀ ਤਦਾਦ ਵਿਚ ਝੜਪਾਂ ਹੋਈਆਂ ਸਨ ਤੇ ਇਸ ਦੌਰਾਨ ਭਾਰੀ ਹਿੰਸਾ ਹੋਈ ਸੀ ਜਿਸ ਵਿੱਚ ਕਈ ਲੋਕਾਂ ਦੀ ਜਾਨ, ਕਈਆਂ ਦੇ ਘਰ ਤੇ ਕਾਰੋਬਾਰ ਬਰਬਾਦ ਹੋ ਗਏ ਤੇ ਕਈ ਅੱਜ ਵੀ ਥਾਣਿਆ ਕਚਿਹਰੀਆਂ ਦੇ ਚੱਕਰ ਕੱਟਣ ਨਾਲ ਨਾਲ ਅੱਜ ਵੀ ਜੇਲ੍ਹਾਂ ਅੰਦਰ ਬੰਦ ਹਨ। ਬਿਨਾਂ ਸ਼ੱਕ ਇਸ ਲੜਾਈ ਨੂੰ ਸਿਆਸਤ  ਤੋਂ ਪ੍ਰੇਰਿਤ ਇਸ ਲਈ ਕਰਾਰ ਦਿੱਤਾ ਜਾਂਦਾ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਜਿੱਥੇ ਇੱਕ ਪਾਸੇ ਡੇਰੇ ਦੇ ਸਿਆਸੀ ਵਿੰਗ ਨੂੰ ਕੁਝ ਖਾਸ ਪਾਰਟੀਆਂ ਨੂੰ ਸਮਰਥਨ ਦੇ ਕੇ ਵੋਟਾਂ ਪਾਈਆਂ ਜਾਂਦੀਆਂ ਰਹੀਆਂ ਹਨ, ਉੱਥੇ ਦੂਜੇ ਪਾਸੇ ਸਿਆਸੀ ਪਾਰਟੀਆਂ ਵੀ ਡੇਰੇ ਵਾਲਿਆਂ ਦੀਆਂ ਵੋਟਾਂ ਹੜੱਪਣ ਲਈ ਅਲੱਗ ਅਲੱਗ ਹੱਥਕੰਡੇ ਅਪਣਾਉਂਦੀਆਂ ਰਹੀਆਂ ਹਨ। ਫਿਰ ਅਪਣਾਏ ਗਏ ਉਨ੍ਹਾਂ ਹਥਕੰਡਿਆਂ ਕਾਰਨ ਭਾਵੇਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਹੋਵੇ, ਭਾਵੇਂ ਪੁਲਿਸ ਦੀਆਂ ਗੋਲੀਆਂ ਨਾਲ ਲੋਕਾਂ ਦੇ ਪਿੰਡੇ ਛਲਣੀ ਕਰ ਦਿੱਤੇ ਗਏ ਹੋਣ ਤੇ ਭਾਵੇਂ ਜਾਂਚ ਦੇ ਨਾਂ ‘ਤੇ ਕਈ ਬੇਕਸੂਰਿਆਂ ਨੂੰ ਤਸੱਦਦ ਦੇ ਦੇ ਕੇ ਉਨ੍ਹਾਂ ਦੇ ਸ਼ਰੀਰ ਨਕਾਰਾ ਕਿਉ ਨਾਂ ਕਰ ਦਿੱਤੇ ਗਏ ਹੋਣ। ਇਸ ਨਾਲ ਸਿਆਸੀ ਪਾਰਟੀਆਂ ਨੂੰ ਕੋਈ ਮਤਲਬ ਨਹੀਂ। ਉਨ੍ਹਾਂ ਦੇ ਭਾਣੇ ਤਾਂ ਸੱਤਾ ਦੀਆਂ ਕੁਰਸੀਆਂ ਮਿਲਣੀਆਂ ਚਾਹੀਦੀਆਂ ਹਨ ਫਿਰ ਭਾਵੇਂ ਉਹ ਪੁੱਠੇ ਸਿੱਧੇ ਢੰਗ ਨਾਲ ਡੇਰੇ ਦੇ ਲੋਕਾਂ ਦਾ ਸਮਰਥਨ ਹਾਸਲ ਕਰਕੇ ਇਹ ਕੁਰਸੀਆਂ ਹਾਸਲ ਕਰਨ ਤੇ ਭਾਵੇਂ ਪੁੱਠੇ ਸਿੱਧੇ ਸਮਰਥਨ ਹਾਸਲ ਕਰਨ ਵਾਲਿਆਂ ਦਾ ਵਿਰੋਧ ਕਰਕੇ ਪੀੜਤ ਜਨਤਾ ਦੀਆਂ  ਭਾਵਨਾਵਾਂ ਨੂੰ ਕੈਸ਼ ਕਰਦਿਆਂ ਹਾਸਲ ਕਰਨ।

ਅਜਿਹੇ ਸਮੇਂ ਭਾਵੇਂ ਸੂਬੇ ਦੇ ਲੋਕਾਂ ਦੇ ਸਾਹਮਣੇ ਉਹ ਡੇਰਾ ਪ੍ਰੇਮੀ ਵੀ ਆਏ ਜਿਨ੍ਹਾਂ ਬਾਰੇ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜਿੰਮੇਵਾਰ ਸਨ, ਇਨ੍ਹਾਂ ਲੋਕਾਂ ਨੇ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਉਨ੍ਹਾਂ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਸਨ। ਸਾਡੇ ਸਾਹਮਣੇ ਡੇਰਾ ਪ੍ਰੇਮੀਆਂ ਦਾ ਉਹ ਰੂਪ ਵੀ ਆਇਆ ਜਿਹੜਾ ਡੇਰਾ ਮੁਖੀ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਸਾਰਿਆਂ ਨੇ ਪੰਚਕੁਲਾ ਹਿੰਸਾ ਦੌਰਾਨ ਦੇਖਿਆ ਤੇ ਸਾਡੇ ਸਾਹਮਣੇ ਡੇਰਾ ਪ੍ਰੇਮੀਆਂ ਦਾ ਅਜਿਹਾ ਰੂਪ ਵੀ ਸਮੇਂ ਸਮੇਂ ‘ਤੇ ਆਉਂਦਾ ਰਹਿੰਦਾ ਹੈ ਜਿਹੜਾ ਰੂਪ ਸਾਨੂੰ ਅੱਜ ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਫਤਹਿਵੀਰ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰਦਾ ਦਿਖਾਈ ਦੇ ਰਿਹਾ ਹੈ।

ਮਾਹਰਾਂ ਅਨੁਸਾਰ ਡੇਰਾ ਪ੍ਰੇਮੀਆਂ ਦਾ ਜਿਹੜਾ ਮਾੜਾ ਰੂਪ ਬੀਤੇ ਦਿਨ ਕੁਝ ਸਾਲਾਂ ਤੋਂ ਸੂਬੇ ਦੇ ਲੋਕਾਂ ਦੇ ਸਾਹਮਣੇ ਆਇਆ ਹੈ ਉਹ ਉਦੋਂ ਤੋਂ ਸਾਹਮਣੇ ਆਉਣਾ ਸ਼ੁਰੂ ਹੋਇਆ ਹੈ ਜਦੋਂ ਤੋਂ ਡੇਰੇ ਨੇ ਸਿਆਸਤ ਵਿੱਚ ਦਿਲਚਸਪੀ ਲੈਂਦਿਆਂ ਕੁਝ ਖਾਸ ਪਾਰਟੀਆਂ ਨੂੰ ਸਮਰਥਨ ਦੇਣਾ ਸ਼ੁਰੂ ਕੀਤਾ ਹੈ। ਨਹੀਂ ਤਾਂ ਜੇਕਰ ਦੇਖਿਆ ਜਾਵੇ ਤਾਂ ਇਸ ਡੇਰੇ ਨੇ ਜਦ ਜਦ ਕਿਤੇ ਕੁਦਰਤੀ ਆਫ਼ਤ ਆਈ ਹੈ, ਉਦੋਂ ਉਦੋਂ ਲੋਕਾਂ ਦੀ ਮਦਦ ਲਈ ਮੋਹਰੀ ਹੋ ਕੇ ਕੰਮ ਕੀਤਾ ਹੈ। ਜਦਕਿ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਕਮੇਟੀ ਕਹੌਂਦੀ ਸ਼੍ਰੋਮਣੀ ਕਮੇਟੀ 12 ਹਜ਼ਾਰ ਕਰੋੜ ਰੁਪਏ ਦਾ ਬਜ਼ਟ ਹੋਣ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ  ਹੋਣ ਦੇ ਬਾਵਜੂਦ ਕਦੇ ਵੀ ਕਿਸੇ ਕੁਦਰਤੀ ਆਫ਼ਤ ਮੌਕੇ ਇੰਝ ਆਪ ਪਹੁੰਚਕੇ ਲੋਕਾਂ ਦੀ ਮਦਦ ਕਰਦੀ ਦਿਖਾਈ ਨਹੀਂ ਦਿੱਤੀ। ਹਾਂ ਇੰਨਾਂ ਜਰੂਰ ਹੈ ਕਿ ਇਸ ਸੰਸਥਾ ਵੱਲੋਂ ਲੰਗਰ, ਕੱਪੜੇ, ਦਵਾਈਆਂ ਆਦਿ ਜਰੂਰ ਭੇਜ ਦਿੱਤਾ ਜਾਂਦਾ ਹੈ, ਪਰ ਅੱਜ ਤੱਕ ਕਿਤੇ ਕੋਈ ਸ਼੍ਰੋਮਣੀ ਕਮੇਟੀ ਵਾਲਾ ਕੁਦਰਤੀ ਆਫ਼ਤ ਮੌਕੇ ਆਪ ਜਾ ਕੇ ਸਰੀਰਕ ਮੁਸ਼ੱਕਤ ਨਾਲ ਲੋਕਾਂ ਦੀ ਮਦਦ ਕਰਦਾ ਦਿਖਾਈ ਨਹੀਂ ਦਿੱਤਾ। ਹਾਂ ਇਸ ਦੀ ਟਾਸਕ ਫੋਰਸ ਵਾਲੇ ਕਿਤੇ ਕਿਤੇ ਆਪਣਿਆਂ ਨੂੰ ਬਚਾਉਣ ਲਈ ਵਿਰੋਧੀਆਂ ਦੇ ਡਾਂਗਾਂ ਫੇਰਦੇ ਜਰੂਰ ਦਿਖਾਈ ਦੇ ਜਾਂਦੇ ਹਨ।

ਇਸ ਦੇ ਉਲਟ ਡੇਰਾ ਪ੍ਰੇਮੀਆਂ ਦੀ ਸੰਸਥਾ ਕਿਤੇ ਹਜ਼ਾਰਾਂ ਗਰੀਬ ਕੁੜੀਆਂ ਦਾ ਇਕੱਠਾ ਵਿਆਹ ਕਰਵਾ ਰਹੀ ਹੈ, ਕਿਤੇ ਵੇਸਵਾਵਾਂ ਨੂੰ ਸਮਾਜਿਕ ਜੀਵਨ ਦੇਣ ਲਈ ਆਪਣੇ ਘਰ ਦੀਆਂ ਨੂੰਹਾਂ ਬਣਾ ਰਹੀ ਹੈ, ਕਿਤੇ ਗਰੀਬ ਲੋਕਾਂ ਨੂੰ ਘਰ ਬਣਾ ਕੇ ਦੇ ਰਹੀ ਹੈ, ਕਿਤੇ ਗਰੀਬਾਂ ਦਾ ਲੱਖਾਂ ਰੁਪਏ ਵਾਲਾ ਮੁਫ਼ਤ ਇਲਾਜ ਕਰ ਰਹੀ ਹੈ, ਕਿਤੇ ਕਿਸੇ ਨੂੰ ਅੰਗ ਦਾਨ ਦੇ ਰਹੀ ਹੈ, ਤੇ ਕਿਤੇ ਕੁਦਰਤੀ ਆਫ਼ਤਾਂ ਮੌਕੇ ਅਤੇ ਫਤਹਿਵੀਰ ਵਰਗੇ ਮਾਮਲਿਆਂ ਵਿੱਚ ਸਰੀਰਕ ਮੁਸ਼ੱਕਤ ਨਾਲ ਲੋਕਾਂ ਦੀ ਮਦਦ ਕਰਦੀ ਦਿਖਾਈ ਦਿੰਦੀ ਹੈ। ਚਰਚਾ ਹੈ ਕਿ ਸ਼ਾਇਦ ਇਹ ਸਭ ਦੇਖ ਕੇ ਹੀ ਲੋਕ ਡੇਰੇ ਵਾਲਿਆਂ ਦੇ ਇੰਨੇ ਪੱਕੇ ਭਗਤ ਬਣ ਜਾਂਦੇ ਹਨ ਕਿ ਚਾਰੇ ਪਾਸੇ ਉਨ੍ਹਾਂ ਦਾ ਵਿਰੋਧ ਹੋਣ ਦੇ ਬਾਵਜੂਦ ਉਹ ਡੇਰੇ ਦਾ ਸਾਥ ਨਹੀਂ ਛੱਡ ਰਹੇ। ਲੋੜ ਹੈ ਉਨ੍ਹਾਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਇਸੇ ਤਰ੍ਹਾਂ ਅੱਗੇ ਆਉਣ ਦੀ ਤਾਂ ਕਿ ਜਦੋਂ ਕਦੇ ਅਜਿਹੀਆਂ ਮਿਸਾਲਾਂ ਮਿਲਣ ਤਾਂ ਮਿਸਾਲਾਂ ਦੇਣ ਵਾਲਿਆਂ ਨੂੰ ਲੋਕ ਪੱਖ ਪਾਤੀ ਕਹਿ ਕੇ ਉਨ੍ਹਾਂ ਦੀ ਨਿੰਦਾ ਨਾ ਕਰਨ, ਕਿਉਂਕਿ ਮਿਸਾਲਾਂ ਦੇਣ ਵਾਲਿਆਂ ਸਾਹਮਣੇ ਅਜਿਹੀਆਂ ਮਿਸਾਲਾਂ ਹੀ ਘੱਟ ਸਾਹਮਣੇ ਆਉਂਦੀਆਂ ਹਨ ਇਸ ਲਈ ਜੋ ਸੱਚ ਹੈ ਉਸ ਨੂੰ ਸਾਹਮਣੇ ਰੱਖਣ ਲਈ ਕਲਮ ਦੇ ਸਿਪਾਹੀ ਜੇਕਰ ਮੌਕਾ ਖੁੰਝਦੇ ਹਨ ਤਾਂ ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਮਾਫ ਨਹੀਂ ਕਰਦੀ। ‘ਸੱਤਿਆ ਮੇਵ ਜਯਾਤੇ’  (ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ)

 

Facebook Comments
Facebook Comment