• 4:04 pm
Go Back

ਬਨੂੜ : ਇੱਥੋਂ ਦੇ ਪਿੰਡ ਜਾਂਸਲਾ ‘ਚ ਉਸ ਵੇਲੇ ਜਬਰਦਸਤ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਪਿੰਡ ਦਾ ਮੌਜੂਦਾ ਕਾਂਗਰਸੀ ਸਰਪੰਚ ਮਗਨਰੇਗਾ ‘ਚ ਕੰਮ ਕਰਨ ਵਾਲੀ ਇੱਕ ਮਹਿਲਾ ਦੇ ਘਰ ਜਾ ਵੜਿਆ ਤੇ ਲੋਕਾਂ ਨੇ ਉਸ ਨੰਗੇ ਸਰਪੰਚ ਨੂੰ ਬੰਨ੍ਹ ਕੇ ਤਾਲੀਬਾਨੀ ਢੰਗ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਖੂਨੋਂ ਖੂਨ ਹੋ ਗਿਆ। ਸਰਪੰਚ ‘ਤੇ ਇਹ ਦੋਸ਼ ਹੈ ਕਿ ਉਹ ਉਸ ਮਹਿਲਾ ਨੂੰ ਧਮਕਾ ਕੇ ਉਸ ਨਾਲ ਸਰੀਰਿਕ ਸਬੰਧ ਕਾਇਮ ਕਰਨਾ ਚਾਹੁੰਦਾ ਸੀ। ਜਿਸ ਦਾ ਉਹ ਮਹਿਲਾ ਪਿਛਲੇ ਲੰਮੇ ਸਮੇਂ ਤੋਂ ਵਿਰੋਧ ਕਰਦੀ ਆ ਰਹੀ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਇਹ ਸਰਪੰਚ ਉਸ ਔਰਤ ਦੇ ਘਰ ਵੜਿਆ ਤਾਂ ਰੌਲਾ ਵੀ ਔਰਤ ਨੇ ਹੀ ਪਾਇਆ ਪਰ ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਉੱਥੇ ਪਹੁੰਚੇ ਲੋਕਾਂ ਨੇ ਸਰਪੰਚ ਦੇ ਨਾਲ ਨਾਲ ਉਸ ਔਰਤ ਨੂੰ ਵੀ ਬੁਰੀ ਤਰ੍ਹਾਂ ਕੁੱਟਾਈ ਕਰ ਦਿੱਤੀ। ਬਾਅਦ ਵਿੱਚ ਔਰਤ ਦੇ ਬਿਆਨਾਂ ‘ਤੇ ਪੁਲਿਸ ਨੇ ਸਰਪੰਚ ਵਿਰੁੱਧ ਅਸ਼ਲੀਲ ਛੇੜਛਾੜ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਆਈਪੀਸੀ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।

 ਇਸ ਸਬੰਧੀ ਮੌਕੇ ਤੋਂ ਪ੍ਰਾਪਤ ਹੋਈਆਂ ਵੀਡੀਓ ਤਸਵੀਰਾਂ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਉਸ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਸਰਪੰਚ ਲਖਵੀਰ ਸਿੰਘ ਉਰਫ ਲੱਖੂ ਨੂੰ ਤਾਂ ਕੁਝ ਲੋਕਾਂ ਵੱਲੋਂ ਅੱਧ ਨੰਗੀ ਹਾਲਤ ਵਿੱਚ ਫੜ ਕੇ ਬੁਰੀ ਤਰ੍ਹਾਂ ਕੁੱਟਿਆ ਹੀ ਜਾ ਰਿਹਾ ਹੈ ਜਦਕਿ ਉਸ ਦੇ ਕੋਲ ਖਲ੍ਹੋਤੀ ਪੀੜਤ ਦੱਸੀ ਜਾ ਰਹੀ ਔਰਤ ਨੂੰ ਵੀ ਇੱਕ ਹੋਰ ਔਰਤ ਲੱਕੜ ਦੇ ਡੰਡੇ ਨਾਲ ਬੁਰੀ ਤਰ੍ਹਾਂ ਕੁੱਟ ਰਹੀ ਹੈ।ਇਸ ਦੌਰਾਨ ਲੋਕਾਂ ਨੇ ਸਰਪੰਚ ਨੂੰ ਨੰਗੀ ਹਾਲਤ ਵਿੱਚ ਹੀ ਹੱਥ ਪਿੱਛੇ ਬੰਨ੍ਹਣ ਤੋਂ ਬਾਅਦ ਮੂਧਾ ਪਾ ਰੱਖਿਆ ਹੈ ਤੇ ਲੱਕੜ ਦਾ ਡੰਡਾ ਲੈ ਕੇ ਉਸ ਸਰਪੰਚ ਨਾਲ ਅਜਿਹੀ ਹਰਕਤ ਕੀਤੀ ਜਾ ਰਹੀ ਜੋ ਨਾ ਕਾਬਲ-ਏ-ਬਰਦਾਸ਼ਤ ਹੈ। ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਸਰਪੰਚ ਲੱਖੂ ਨੇ ਉਸ ਦਾ ਕੋਈ ਵੀਡੀਓ ਬਣਾ ਰੱਖਿਆ ਹੈ ਜਿਸ ਕਰਕੇ ਉਹੋ ਉਸ ਨੂੰ ਪਿਛਲੇ ਇੱਕ ਮਹੀਨੇ ਤੋਂ ਧਮਕਾ ਰਿਹਾ ਹੈ ਕਿ ਉਹ (ਸਰਪੰਚ) ਉਸ (ਪੀੜਤ ਦੱਸੀ ਜਾ ਰਹੀ ਔਰਤ) ਦੇ ਪਤੀ ਅਤੇ ਬੱਚਿਆਂ ਨੂੰ ਮਾਰ ਦੇਵੇਗਾ। ਜਿਸ ਦਾ ਕਿ ਉਹ ਲਗਾਤਾਰ ਵਿਰੋਧ ਕਰ ਰਹੀ ਸੀ। ਔਰਤ ਅਨੁਸਾਰ ਸੋਮਵਾਰ ਰਾਤ 12 ਵਜੇ ਮੁਲਜ਼ਮ ਸਰਪੰਚ ਉਸ ਦੇ ਘਰ ਉਸ ਵੇਲੇ ਵੜ ਆਇਆ ਜਦੋਂ ਉਹ ਸਾਰੇ ਸੌਂ ਰਹੇ ਸਨ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਸ ਨੂੰ ਆਪਣੇ ਘਰ ਸਰਪੰਚ ਦੇ ਆਉਣ ਦਾ ਪਤਾ ਲੱਗਿਆ ਤਾਂ ਉਸ ਨੇ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਛੱਤ ‘ਤੇ ਸੁੱਤੇ ਪਏ ਉਸ ਦੇ ਪਤੀ ਅਤੇ ਗੁਆਂਢੀਆਂ ਨੇ ਸਰਪੰਚ ਨੂੰ ਫੜ ਲਿਆ। ਔਰਤ ਅਨੁਸਾਰ ਉਸੇ ਨੇ ਰੌਲਾ ਪਾ ਕੇ ਸਰਪੰਚ ਨੂੰ ਫੜਵਾਇਆ ਤੇ ਉਲਟਾ ਲੋਕਾਂ ਨੇ ਉਸ ਨੂੰ ਹੀ ਕੁੱਟ ਦਿੱਤਾ।

ਇੱਧਰ ਦੂਜੇ ਪਾਸੇ ਜੇਕਰ ਵੀਡੀਓ ਵਿਚਲੇ ਤੱਥਾਂ ਨੂੰ ਦੇਖੀਏ ਤਾਂ ਉਸ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਸਰਪੰਚ ਨੂੰ ਲੋਕਾਂ ਨੇ ਬੰਨ੍ਹ ਕੇ ਇਸ ਬੁਰੀ ਤਰ੍ਹਾਂ ਕੁੱਟਿਆ ਹੈ ਕਿ ਉਸ ਦੇ ਮੂੰਹ ਅਤੇ ਸਰੀਰ ਦੇ ਕਈ ਹਿੱਸਿਆਂ ਵਿੱਚੋਂ ਖੂਨ ਰਿਸ ਰਿਹਾ ਹੈ, ਤੇ ਕਨੂੰਨ ਦੀ ਸਮਝ ਰੱਖਣ ਵਾਲਿਆਂ ਅਨੁਸਾਰ ਸਰਪੰਚ ਨੇ ਜਿੰਨਾ ਵੱਡਾ ਮਰਜੀ ਜ਼ੁਰਮ ਕੀਤਾ ਹੋਵੇ ਜੇਕਰ ਉਸ ਨੂੰ ਫੜ ਲਿਆ ਗਿਆ ਸੀ ਤਾਂ ਉਸ ‘ਤੇ ਤਸੱਦਦ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਸੀ। ਇਨ੍ਹਾਂ ਤੱਥਾਂ ਨੂੰ ਡੀਐਸਪੀ ਮਨਪ੍ਰੀਤ ਸਿੰਘ ਨੇ ਵੀ ਸਵਿਕਾਰਿਆ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਵਿਚਲੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਜਿਹੜਾ ਵੀ ਕਸੂਰਵਾਰ ਪਾਇਆ ਗਿਆ ਉਸ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

 

Facebook Comments
Facebook Comment