• 8:00 am
Go Back

ਚੰਡੀਗੜ੍ਹ: ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ 13 ਅਗਸਤ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਨਵੇਂ ਰੂਪ ਦਾ ਐਲਾਨ ਕਰਕੇ ਪੰਚਾਇਤ ਅਤੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣਗੇ। ਪੰਜਾਬ ਇਕਾਈ ਦੇ ਬਲਾਕ ਪੱਧਰ ਦੇ ਆਗੂਆਂ ਦੀਆਂ ਨਿਯੁਕਤੀਆਂ ਦੀ ਪ੍ਰਕਿਰਿਆ ਅਗਸਤ ਦੇ ਪਹਿਲੇ ਹਫਤੇ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈਕਮਾਂਡ ਪੰਜਾਬ ਲਈ ਨਵੇਂ ਪ੍ਰਧਾਨ ਦੀ ਵੀ ਤਲਾਸ਼ ਕਰ ਰਹੀ ਹੈ ਅਤੇ ਇਕ-ਦੋ ਵਿਧਾਇਕ ਵੀ ਪ੍ਰਧਾਨਗੀ ਲੈਣ ਲਈ ਯਸਤਨਸ਼ੀਲ ਹਨ।
ਇੱਥੇ ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਪਿੱਛਲੇ ਸਮੇਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਾਣਕਾਰੀ ਅਨੁਸਾਰ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਮੁੱਖ ਤੌਰ ’ਤੇ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ 5 ਜ਼ੋਨਲ ਪ੍ਰਧਾਨ ਹੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਿਛਲੇ ਸਮੇਂ ਡਾ. ਬਲਬੀਰ ਸਿੰਘ ਦੀ ਕਾਰਜਸ਼ੈਲੀ ਦੇ ਰੋਸ ਵਜੋਂ ਅਸਤੀਫਾ ਦੇਣ ਵਾਲੇ 16 ਆਗੂਆਂ ਦੀ ਪਾਰਟੀ ਵੱਲੋਂ ਮੀਡੀਆ ਵਿੱਚ ਜਾਣ ਦੇ ਦੋਸ਼ ਤਹਿਤ ਜਵਾਬਤਲਬੀ ਕਰ ਲਈ ਗਈ ਹੈ।
ਪਾਰਟੀ ਨੇ ਅਸਤੀਫਾ ਦੇਣ ਵਾਲੇ ਤਕਰੀਬਨ ਸਾਰੇ ਆਗੂਆਂ ਦੀ ਥਾਂ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ। ਉਥੇ ਹੀ ਖਹਿਰਾ ਨੇ ਕਿਹਾ ਕਿ ਪਾਰਟੀ ਦੀਆਂ ਨਿਯੁਕਤੀਆਂ ਕਰਨ ਵੇਲੇ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਜਾ ਰਹੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਾਰਟੀ ਦੇ ਕੁਝ ਵਰਕਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਡਾ. ਬਲਬੀਰ ਨੇ ਕਿਹਾ ਹੈ ਕਿ ਉਹ ਪੈਸੇ ਇਕੱਠੇ ਕਰ ਰਹੇ ਹਨ, ਜਿਸ ਦੇ ਸਬੰਧ ਵਿਚ ਉਨ੍ਹਾਂ ਨੇ ਸਾਰੀ ਰਿਪੋਰਟ ਸ੍ਰੀ ਸਿਸੋਦੀਆ ਨੂੰ ਭੇਜ ਦਿੱਤੀ ਹੈ। ਖਹਿਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਡਾ.ਬਲਬੀਰ ਨਾਲ ਇਸ ਸਬੰਧ ਵਿੱਚ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਅਜਿਹੀ ਕੋਈ ਗੱਲ ਨਹੀਂ ਕਹੀ। ਖਹਿਰਾ ਨੇ ਕਿਹਾ ਕਿ ਇਸ ਮੁੱਦੇ ਉਪਰ ਉਨ੍ਹਾਂ ਦਾ ਰੋਸ ਬਰਕਰਾਰ ਹੈ।
ਦੂਸਰੇ ਪਾਸੇ ਡਾ. ਬਲਬੀਰ ਨੇ ਕਿਹਾ ਕਿ ਸ੍ਰੀ ਖਹਿਰਾ ਨੂੰ ਆਪਣਾ ਇਤਰਾਜ਼ ਸੋਸ਼ਲ ਮੀਡੀਆ ’ਤੇ ਬਿਆਨ ਕਰਨ ਦੀ ਥਾਂ ਪਾਰਟੀ ਦੇ ਪਲੇਟਫਾਰਮ ਉਪਰ ਉਠਾਉਣਾ ਚਾਹੀਦਾ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਵਿੱਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਉਹ ਨਿਰਧਾਰਤ ਫੈਸਲੇ ਮੁਤਾਬਕ 5 ਜ਼ੋਨਲ ਪ੍ਰਧਾਨਾਂ ਦੀ ਸਲਾਹ ਨਾਲ ਕਰ ਰਹੇ ਹਨ ਅਤੇ ਪਾਰਟੀ ਦੇ ਵਿਧਾਇਕਾਂ ਦੇ ਹਲਕਿਆਂ ਵਿੱਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਬਾਰੇ ਸਬੰਧਤ ਵਿਧਾਇਕਾਂ ਨਾਲ ਜ਼ਰੂਰ ਸਲਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਆ ਰਹੀਆਂ ਪੰਚਾਇਤ ਚੋਣਾਂ ਪੂਰੇ ਜ਼ੋਰ ਸ਼ੋਰ ਨਾਲ ਲੜੇਗੀ।

Facebook Comments
Facebook Comment