• 11:13 am
Go Back

ਪਟਿਆਲਾ : ‘ਆਪ’ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪਾਰਟੀ ਵਿੱਚੋਂ ਰੁੱਸੇ ਤੇ ਕੱਢਿਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਪਟਿਆਲਾ ਤੋਂ ‘ਆਪ’ ਸਾਂਸਦ ਡਾ. ਧਰਮਵੀਰ ਗਾਂਧੀ ਨੂੰ ਮਨਾਉਣ ਜਾ ਪਹੁੰਚੇ। ਸੰਜੇ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਡਾ. ਗਾਂਧੀ ਨਾਲ ਮੁਲਾਕਾਤ ਕੀਤੀ ਹੈ ਜਿੱਥੇ ਉਨ੍ਹਾਂ ਨੇ ਗਾਂਧੀ ਨੂੰ ਪਾਰਟੀ ਵਿੱਚ ਮੁੜ ਆਉਣ ਦਾ ਸੱਦਾ ਦਿੱਤਾ ਹੈ। ਸੰਜੇ ਸਿੰਘ ਅਨੁਸਾਰ ਡਾ. ਗਾਂਧੀ ਨੇ ਘਰ ਵਾਪਸੀ ਲਈ ਕੁਝ ਸ਼ਰਤਾਂ ਰੱਖੀਆਂ ਹਨ ਜਿਸ ਬਾਰੇ ਬੜੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਇਸ ‘ਆਪ’ ਆਗੂ ਨੇ ਦੱਸਿਆ ਕਿ ਡਾ. ਗਾਂਧੀ ਤੇ ਉਨ੍ਹਾਂ ਦੀ ਮੁਲਾਕਾਤ ਡੇਢ ਘੰਟਾ ਤੱਕ ਚਲੀ ਪਰ ਪਟਿਆਲਾ ਤੋਂ ‘ਆਪ’ ਸਾਂਸਦ ਨੇ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਖੁਦਮੁਖਤਿਆਰੀ ਦਿੱਤੇ ਜਾਣ ਦੀ ਵਕਾਲਤ ਕੀਤੀ ਜਿਸ ਬਾਰੇ ਹਾਈਕਮਾਂਡ ਵਲੋਂ ਚਰਚਾ ਕੀਤੀ ਜਾਵੇਗੀ।
ਇੱਕ ਪਾਸੇ ਆਮ ਆਦਮੀ ਪਾਰਟੀ ਵਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਮਨਾਉਣ ਦੀ ਕਵਾਇਦ ਜਾਰੀ ਹੈ ਦੂਜੇ ਪਾਸੇ ਸੰਜੇ ਸਿੰਘ ਵੀ ਡਾ. ਗਾਂਧੀ ਦੇ ਘਰ ਜਾ ਅਪੜੇ ਹਨ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਖਹਿੜਾ ਧੜੇ ਨਾਲ ਵੀ ਜਾਰੀ ਮਤਭੇਦ ਜਲਦ ਹੱਲ ਕਰ ਲਏ ਜਾਣ ਦਾ ਦਾਅਵਾ ਕੀਤਾ ਹੈ। ਇਸ ਸਭ ਦੌਰਾਨ ਜਿਸ ਤਰ੍ਹਾਂ ਡਾ. ਗਾਂਧੀ ਨੇ ਵੀ ਖਹਿਰਾ ਵਾਲੀ ਖੁਦਮੁਖਤਿਆਰੀ ਦੀ ਮੰਗ ਨੂੰ ਪਾਰਟੀ ਹਾਈਕਮਾਂਡ ਅੱਗੇ ਦੁਹਰਾਇਆ ਹੈ ਉਸਨੂੰ ਦੇਖਦਿਆਂ ਭਵਿੱਖ ਵਿਚ ‘ਆਪ’ ਅੰਦਰ ਖੁਸ਼ੀ ਦੀਆਂ ਕਿਲਕਾਰੀਆਂ ਸੁਣਨ ਨੂੰ ਮਿਲ ਸਕਦੀਆਂ ਹਨ। ਹੁਣ ਇਨ੍ਹਾਂ ਕਿਲਕਾਰੀਆਂ ਨੂੰ ਸੁਣਨ ਲਈ ‘ਆਪ’ ਵਰਕਰਾਂ ਤੇ ਆਗੂਆਂ ਦੇ ਕੰਨਾਂ ਨੂੰ ਹੋਰ ਕਿੰਨਾ ਸਮਾਂ ਤਰਸਣਾ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Facebook Comments
Facebook Comment