• 12:29 pm
Go Back

ਕਾਬੁਲ -ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭੀੜ ਵਾਲੇ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ ਸਮਗਰੀ ਨਾਲ ਇੱਕ ਐਂਬੂਲੈਂਸ ਦੇ ਨਾਲ ਖੁਦ ਨੂੰ ਉਡਾ ਦਿੱਤਾ। ਇਸ ਹਮਲੇ ਵਿੱਚ ਘੱਟ ਤੋਂ ਘੱਟ 95 ਲੋਕਾਂ ਦੀ ਮੌਤ ਹੋ ਗਈ, ਜਦਕਿ 160 ਤੋਂ ਜ਼ਿਆਦਾ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਗਰੁੱਪ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਿਛਲੇ ਇੱਕ ਹਫਤੇ ਦੇ ਅੰਦਰ ਕਾਬੁਲ ਵਿੱਚ ਤਾਲਿਬਾਨ ਦਾ ਇਹ ਦੂਸਰਾ ਵੱਡਾ ਅੱਤਵਾਦੀ ਹਮਲਾ ਹੈ। ਜਿਸ ਜਗ੍ਹਾ ‘ਤੇ ਹਮਲਾ ਹੋਇਆ, ਉਸ ਦੇ ਨੇੜੇ-ਤੇੜੇ ਯੂਰਪੀਅਨ ਯੂਨੀਅਨ ਸਮੇਤ ਕਈ ਕੌਮਾਂਤਰੀ ਸੰਗਠਨਾਂ ਦੇ ਦਫਤਰ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧ ਮੰਡਲ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਗਿਆ ਹੈ। ਪਿਛਲੇ ਸਾਲ 31 ਮਈ ਨੂੰ ਕਾਬੁਲ ਦੇ ਅਹਿਮ ਇਲਾਕੇ ਵਿੱਚ ਟਰੱਕ ਬੰਬ ਹਮਲੇ ਦੇ ਬਾਅਦ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਵਾਹੀਦ ਮਜਰੂਰ ਨੇ ਦੱਸਿਆ ਕਿ ਹਮਲੇ ਵਿੱਚ ਹੁਣ ਤੱਕ 95 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 160 ਜ਼ਖਮੀ ਹਨ। ਧਮਾਕਾ ਏਨਾ ਜ਼ਬਰਦਸਤ ਸੀ ਕਿ 2 ਕਿੱਲੋਮੀਟਰ ਦੂਰ ਦੀਆਂ ਇਮਾਰਤਾਂ ਦੇ ਵੀ ਸ਼ੀਸ਼ੇ ਤਿੜਕ ਗਏ ਅਤੇ ਨਜ਼ਦੀਕੀ ਇਮਾਰਤਾਂ ਦੇ ਸ਼ੀਸ਼ੇ ਦੇ ਟੁਕੜੇ ਸੈਂਕੜੇ ਮੀਟਰ ਵਿੱਚ ਬਿਖਰ ਗਏ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਹਮਲੇ ਦੀਆਂ ਕਥਿਤ ਤਸਵੀਰਾਂ ਵਿੱਚ ਸ਼ਹਿਰ ਦੇ ਉਪਰ ਅਸਮਾਨ ਵਿੱਚ ਕਾਫੀ ਉਚਾਈ ਤੱਕ ਧੂੰਆਂ ਦਿਖਾਈ ਦੇ ਰਿਹਾ ਹੈ। ਠੀਕ ਇੱਕ ਹਫਤਾ ਪਹਿਲਾਂ ਤਾਲਿਬਾਨ ਨੇ ਕਾਬੁਲ ਵਿੱਚ ਇੱਕ ਲਗਜ਼ਰੀ ਹੋਟਲ ‘ਤੇ ਹਮਲਾ ਕੀਤਾ ਸੀ, ਜਿਸ ਵਿੱਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਸੀ। ਹੋਟਲ ਹਮਲੇ ਵਿੱਚ ਮਰਨ ਵਾਲਿਆਂ ਵਿੱਚ ਜ਼ਿਆਦਾ ਵਿਦੇਸ਼ੀ ਸਨ।

Facebook Comments
Facebook Comment