• 10:27 am
Go Back

 – ਕੁਲਵੰਤ ਸਿੰਘ

ਚੰਡੀਗੜ੍ਹ : ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਉਸ ਦਿਨ ਤੋਂ ਕਰਦੇ ਆ ਰਹੇ ਹਨ ਜਿਸ ਦਿਨ ਉਨ੍ਹਾਂ ਨੂੰ ਇਹ ਪਤਾ ਲੱਗਾ ਸੀ ਕਿ ਸਿੱਧੂ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ ਪਰ ਇਨੀਂ ਦਿਨੀਂ ਸਿੱਧੂ ਤੇ ਕੈਪਟਨ ਦਾ ਆਪਸੀ 36 ਦਾ ਆਂਕੜਾਂ ਇੰਨੇ ਵੱਡੇ ਫੋਂਟ (ਆਕਾਰ) ਵਾਲਾ ਹੋ ਚੁੱਕਿਆ ਹੈ ਕਿ ਸਾਰਿਆਂ ਨੂੰ ਦੂਰੋਂ ਹੀ ਦਿੱਸਣਾ ਸ਼ੁਰੂ ਹੋ ਗਿਆ ਹੈ।  ਹੁਣ ਤਾਂ ਹਾਲਾਤ ਇਹ ਬਣਨ ਲੱਗ ਪਏ ਹਨ ਕਿ ਸਿੱਖਾਂ ਦੇ ਮਨਾਂ ਵਿੱਚ ਇਹ ਡਰ ਪੈਦਾ ਹੋ ਗਿਆ ਹੈ ਕਿ ਪੰਜਾਬ ਦੇ ਇਨ੍ਹਾਂ ਦੋਵੇਂ ਵੱਡੇ ਆਗੂਆਂ ਦੀ ਆਪਸੀ ਸਿਆਸੀ ਤਕਰਾਰ ਕਾਰਨ ਕਿਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਦੇ ਖੁਲ੍ਹਦੇ ਵਿੱਚੇ ਹੀ ਨਾ ਰਹਿ ਜਾਵੇ। ਤਾਜ਼ਾ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਸਿੱਧੂ ਤੇ ਸਿੱਧਾ ਸ਼ਬਦੀ ਹਮਲਾ ਨਹੀਂ ਕੀਤਾ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਨੂੰ ਪਾਕਿਸਤਾਨੀ ਫੌਜ ਮੁਖੀ ਵਲੋਂ ਪੰਜਾਬ ਵਿੱਚ ਅੱਤਵਾਦ ਭੜਕਾਉਣ ਦੀ ਚਾਲ ਦੱਸਿਆ ਹੈ ਉਸਨੂੰ ਦੇਖਦਿਆਂ ਜਿੱਥੇ ਇੱਕ ਪਾਸੇ ਸਿਆਸੀ ਪੰਡਤਾਂ ਨੇ ਇਸਨੂੰ ਨਵਜੋਤ ਸਿੱਧੂ ਦੇ ਪੰਜਾਬ ਅਤੇ ਕਾਂਗਰਸ ਵਿੱਚ ਵਧਦੇ ਕੱਦ ਨਾਲ ਜੋੜ ਕੇ ਦੇਖਦੇ ਹਨ ਉੱਥੇ ਦੂਜੇ ਪਾਸੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਇਸ ਮਾਮਲੇ ਵਿੱਚ ਦੋ ਟੁਕ ਜਵਾਬ ਦਿੰਦੀ ਹੈ ਕਿ ਜੋ ਮਰਜ਼ੀ ਕਰੋ, ਜਿੰਨਾ ਮਰਜ਼ੀ ਲੜੋ, ਤਕਰਾਰ ਕਰੋ ਪਰ ਕ੍ਰਿਪਾ ਕਰਕੇ ਅਜਿਹਾ ਕੋਈ ਕੰਮ ਨਾ ਹੋਵੇ ਜਿਸ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਦਾ ਖੁਲ੍ਹਦਾ ਵਿੱਚ ਹੀ ਰਹਿ ਜਾਵੇ।

ਕੈਪਟਨ ਅਮਰਿੰਦਰ ਸਿੰਘ ਵਲੋਂ ਮੀਡੀਆ ਨਾਲ ਕੀਤੀ ਗਈ ਗੱਲਬਾਤ ਦੌਰਾਨ ਇਹ ਕਿਹਾ ਗਿਆ ਹੈ ਕਿ ਉਹ ਪਾਕਿਸਤਾਨੀ ਫੌਜ ਮੁਖੀ ਤੇ ਇਹ ਦੋਸ਼ ਇਸ ਲਈ ਲਾ ਰਹੇ ਹਨ ਕਿਉਂਕਿ ਜਨਰਲ ਬਾਜਵਾ ਨੇ ਇਹ ਲਾਂਘਾ ਖੋਲ੍ਹੇ ਜਾਣ ਬਾਰੇ ਸਿੱਧੂ ਨੂੰ ਉਸ ਵੇਲੇ ਹੀ ਕਹਿ ਦਿੱਤਾ ਸੀ ਜਦੋਂ ਉਨ੍ਹਾਂ ਨੇ ਅਜੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਵਜੋਂ ਸਹੁੰ ਵੀ ਨਹੀਂ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਤੋਂ ਹੀ ਇਹ ਸਾਫ ਹੁੰਦਾ ਹੈ ਕਿ ਇਸ ਸਭ ਦੇ ਪਿੱਛੇ ਬਹੁਤ ਵੱਡੀ ਸਾਜਿਸ਼ ਘੜੀ ਗਈ ਹੈ ਤੇ ਇਸ ਸਾਜਿਸ਼ ਨੂੰ ਘੜਨ ਵਾਲਾ ਜਨਰਲ ਬਾਜਵਾ ਹੈ।  ਉਨ੍ਹਾਂ ਕਿਹਾ ਕਿ ਸਾਡੇ ਲੋਕ ਪਾਕਿਸਤਾਨੀ ਸੂਹੀਆ ਏਜੰਸੀ ਆਈਐਸਆਈ ਵਲੋਂ ਘੜੀਆਂ ਜਾ ਰਹੀਆਂ ਸਾਜਿਸ਼ਾਂ ਨੂੰ ਸਮਝ ਨਹੀਂ ਪਾ ਰਹੇ।

ਕੈਪਟਨ ਅਮਰਿੰਦਰ ਸਿੰਘ ਅਨੁਸਾਰ ਜਨਰਲ ਬਾਜਵਾ ਦੀ ਇਸਦੇ ਪਿੱਛੇ ਮਨਸ਼ਾ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨਾ ਹੈ ਤੇ ਉਹ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ ਕਿਉਂਕਿ ਚੜਦੇ ਪੰਜਾਬ ਦੀ ਪੁਲਿਸ ਹੁਣ ਉਹ ਪੁਲਿਸ ਨਹੀਂ ਰਹੀ ਜਿਹੜੀ 1980ਵੇਂ ਦਹਾਕੇ ਦੀ ਪੰਜਾਬ ਪੁਲਿਸ ਹੋਇਆ ਕਰਦੀ ਸੀ। ਕੈਪਟਨ ਅਨੁਸਾਰ ਅੱਜ ਦੀ ਪੰਜਾਬ ਪੁਲਿਸ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਅਤੇ ਕਮਾਂਡੋ ਟਰੇਨਿੰਗ ਹਾਸਲ ਹੈ।  ਇਸੇ ਲਈ ਪਿਛਲੇ ਸਮਿਆਂ ਦੌਰਾਨ ਸਾਡੀ ਪੁਲਿਸ ਨੇ ਆਈਐਸਆਈ ਦੀਆਂ 19 ਅੱਤਵਾਦੀ ਕਾਰਵਾਈਆਂ ਨੂੰ ਨਾਕਾਮ ਕੀਤਾ ਹੈ, 81 ਬੰਦੇ ਫੜੇ ਹਨ ਤੇ 70 ਦੇ ਕਰੀਬ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਇਸ ਮੌਕੇ ਆਪਣੇ ਤੇ ਨਵਜੋਤ ਸਿੱਧੂ ਦੇ ਰਿਸ਼ਤਿਆਂ  ਤੇ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਰਿਸ਼ਤਾ ਬੇਹੱਦ ਸੁਖਦ ਹੈ ਤੇ ਉਹ ਇਹ ਸਮਝਦੇ ਹਨ ਕਿ ਭਾਵੇਂ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇਹ ਦੱਸ ਦਿੱਤਾ ਸੀ ਕਿ ਉਹ ਪਾਕਿਸਤਾਨ ਨਹੀਂ ਜਾ ਰਹੇ ਤੇ ਉਨ੍ਹਾਂ ਨੇ ਸਿੱਧੂ ਨੂੰ ਪਾਕਿ ਜਾਣ ਤੋਂ ਮਨਾਂ ਵੀ ਕੀਤਾ ਸੀ ਪਰ ਇਸਦੇ ਬਾਵਜੂਦ ਸਿੱਧੂ ਪਾਕਿਸਤਾਨ ਗਏ ਤੇ ਉਹ ਉਨ੍ਹਾਂ ਦਾ ਨਿਜੀ ਤੇ ਜਾਇਜ਼ ਫੈਸਲਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਉਨ੍ਹਾਂ ਵਿਚਾਲੇ ਕੈਪਟਨ ਬਣਨ ਦੀ ਕੋਈ ਦੌੜ ਨਹੀਂ ਹੈ ਬੱਸ ਪਰੇਸ਼ਾਨੀ ਸਿਰਫ ਇਹ ਹੈ ਕਿ ਸਿੱਧੂ ਤੋਲ ਕੇ ਨਹੀਂ ਬੋਲਦੇ। ਇਹ ਤਾਂ ਸੀ ਉਹ ਬਿਆਨ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਇਸ ਤੋਂ ਇਲਾਵਾ ਬੀਤੀ ਕੱਲ ਦੇਹਰਾਦੂਨ ਵਿਖੇ ਭਾਰਤੀ ਫੌਜ ਅਕਾਦਮੀ ਵਿੱਚ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣ ਪਹੁੰਚੇ ਫੌਜ ਦੇ ਉਪਮੁਖੀ ਲੈਫਟੀਨੈਂਟ ਜਨਰਲ ਦੇਵ ਰਾਜ ਅਨਬੂ ਨੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਭਾਰਤ ਵਿੱਚ ਅੱਤਵਾਦੀ ਕਾਰਵਾਈਆਂ ਕੀਤੇ ਜਾਣਾ ਅਜੇ ਵੀ ਜਾਰੀ ਹੈ ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਫੌਜ ਇੱਕ ਹੋਰ ਸਰਜੀਕਲ ਸਟ੍ਰਾਈਕ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਮਾਮਲਾ ਬੇਸ਼ੱਕ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਤੇ ਜਿਹੜੀਆਂ ਚਿੰਤਾਵਾਂ ਭਾਰਤੀ ਫੌਜ ਦੇ ਉਪਮੁਖੀ ਜਨਰਲ ਅਨਬੂ ਨੇ ਜ਼ਾਹਿਰ ਕੀਤੀਆਂ ਹਨ ਉਹ ਚਿੰਤਾਵਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਹਨ ਪਰ ਇਸਦੇ ਬਾਵਜੂਦ ਇਹ ਕਿਹਾ ਜਾ ਸਕਦਾ ਹੈ ਕਿ ਇਹ ਅੱਤਵਾਦੀ ਕਾਰਵਾਈਆਂ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ। ਭਾਰਤ ਅਤੇ ਖਾਸਕਰ ਪੰਜਾਬ ਤੇ ਜੰਮੂ ਕਸ਼ਮੀਰ ਪਿਛਲੇ ਕਈ ਦਹਾਕਿਆਂ ਤੋਂ ਅੱਤਵਾਦ ਪੀੜਤ ਮੰਨਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਨੇ ਤਾਂ ਉਸ ਕਾਲੇ ਦੌਰ ਦੌਰਾਨ ਆਪਣੇ ਹਜ਼ਾਰਾਂ ਹੀ ਲੋਕਾਂ ਦੇ ਖੂਨ ਦੀ ਆਹੂਤੀ ਦੇ ਕੇ ਸੂਬੇ ਵਿਚ ਅਮਨ ਸ਼ਾਂਤੀ ਬਹਾਲ ਕਰਵਾਈ ਸੀ ਪਰ ਇਸਦੇ ਬਾਵਜੂਦ ਇਹ ਕਿਹਾ ਜਾ ਸਕਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵਿਰੁੱਧ ਅੱਤਵਾਦ ਨੂੰ ਲੈ ਕੇ ਬਿਆਨਬਾਜ਼ੀ ਉਨ੍ਹਾਂ ਹਾਲਾਤਾਂ ਵਿੱਚ ਤੇਜ਼ ਹੋਈ ਹੈ ਜਿਨ੍ਹਾਂ ਹਾਲਾਤਾਂ ਵਿੱਚ ਪਾਕਿਸਤਾਨ ਆਪ ਖੁਦ ਭਾਰਤ ਨਾਲ ਦੋਸਤੀ ਦਾ ਹੱਥ ਵਧਾ ਕੇ ਇਹ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਨੂੰ ਤਿਆਰ ਹੋਇਆ ਹੈ। ਅਜਿਹੇ ਵਿੱਚ ਜੇਕਰ ਦੋਵਾਂ ਮੁਲਕਾਂ ਦੀ ਆਪਸੀ ਤਲਖੀ ਇੱਕ ਵਾਰ ਫਿਰ ਵਧਦੀ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸਦਾ ਅਸਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਤੇ ਪੈਣਾ ਲਾਜ਼ਮੀ ਹੈ।

ਇਸ ਬਾਰੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਭਾਰਤ ਦੀ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ ਇਸਲਾਮ ਅਤੇ ਪਾਕਿਸਤਾਨ ਵਿਰੋਧੀ ਹੈ ਤੇ ਉਹ ਅਜਿਹਾ ਆਉਂਦੀਆਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕੱਲਾ ਹੀ ਅੱਤਵਾਦ ਤੋਂ ਪੀੜਤ ਨਹੀਂ ਹੈ,ਉਨ੍ਹਾਂ ਦਾ ਆਪਣਾ ਮੁਲਕ ਪਾਕਿਸਤਾਨ ਵੀ ਇਸ ਨਾਮੁਰਾਦ ਬਿਮਾਰੀ ਦੀ ਚਪੇਟ ਵਿੱਚ ਹੈ।  ਇਮਰਾਨ ਖਾਨ ਅਨੁਸਾਰ ਜਿੰਨੀਆਂ ਹਿੰਸਕ ਅਤੇ ਅੱਤਵਾਦੀ ਕਾਰਵਾਈਆਂ ਪਾਕਿਸਤਾਨ ਵਿੱਚ ਹੋਈਆਂ ਹਨ ਉਨੀਆਂ ਤਾਂ ਭਾਰਤ ਵਿੱਚ ਹੋਈਆਂ ਹੀ ਨਹੀਂ। ਇਸ ਦੌਰਾਨ ਇਮਰਾਨ ਖਾਨ ਨੇ ਇਹ ਵੀ ਮੰਨਿਆ ਕਿ 2008 ਦੌਰਾਨ ਹੋਏ ਮੁੰਬਈ ਅੱਤਵਾਦੀ ਹਮਲੇ ਪਿੱਛੇ ਵੀ ਪਾਕਿਸਤਾਨੀ ਮੂਲ ਦੇ ਅੱਤਵਾਦੀਆਂ ਦਾ ਹੱਥ ਸੀ ਕਿਉਂਕਿ ਖਾਨ ਦਾ ਇਹ ਮੰਨਣਾ ਹੈ ਕਿ ਇਹ ਸਾਰੀ ਦੀ ਸਾਰੀ ਸਾਜਿਸ਼ ਪਾਕਿਸਤਾਨੀ ਧਰਤੀ ਤੇ ਰਚੀ ਗਈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਾਜਿਸ਼ਕਰਤਾਵਾਂ ਨੂੰ ਸਜ਼ਾਵਾਂ ਦਿਵਾਉਣ ਲਈ ਵਚਨਬੱਧ ਹਨ।

ਇਹ ਸਾਰੇ ਹਾਲਾਤਾਂ ਤੇ ਨਜ਼ਰਸਾਨੀ ਕਰਨ ਤੋਂ ਬਾਅਦ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਸ ਸਿਆਸੀ ਦਾਲ ਵਿੱਚ ਕੁਝ ਕਾਲਾ ਜਰੂਰ ਹੈ ਜੋ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁਲ੍ਹਦੇ ਲਾਂਘੇ ਵਿਚ ਲੋਕਾਂ ਨੂੰ ਆ ਰਹੇ ਸਵਾਦ ਦਾ ਸਵਾਦ ਖਰਾਬ ਕਰਨ ਵਿੱਚ ਲੱਗਿਆ ਹੋਇਆ ਹੈ। ਪਰ ਸਾਨੂੰ ਇੰਝ ਲਗਦਾ ਹੈ ਕਿ ਲੋਕ ਬਹੁਤ ਜਲਦ ਦਾਲ ਵਿੱਚ ਪਏ ਇਸ ਕਾਲੇ ਨੂੰ ਚੁੱਕ ਕੇ ਬਾਹਰ ਸੁੱਟ ਦੇਣਗੇ ਤੇ ਫਿਰ ਜਿਹੜਾ ਉਸ ਦਾਲ ਨੂੰ ਖਾਣ ਦਾ ਸਵਾਦ ਆਏਗਾ ਉਹ ਦੇਖਦਿਆਂ ਹੀ ਬਣੇਗਾ।

Facebook Comments
Facebook Comment