• 8:12 am
Go Back

ਸੰਗਰੂਰ : ਲੋਕ ਸਭਾ ਚੋਣਾਂ ਦਾ ਪਿੜ੍ਹ ਭਖ ਚੁਕਿਆ ਹੈ, ਤੇ ਲਗਭਗ ਸਾਰੀਆਂ ਪਾਰਟੀਆਂ ਜਿੱਥੇ ਦਿਨ ਵੇਲੇ ਚੋਣ ਪ੍ਰਚਾਰ ਕਰ ਰਹੀਆਂ ਹਨ, ਉੱਥੇ ਸਿਆਸੀ ਆਗੂਆਂ ਵੱਲੋਂ ਹਨੇਰਾ ਪੈਣ ‘ਤੇ ਪਿੰਡਾ ਅਤੇ ਸ਼ਹਿਰਾਂ ਦੀਆਂ ਗਲੀਆਂ ਅੰਦਰ ਲੋਕਾਂ ਦੇ ਘਰਾਂ ‘ਚ ਜਾ ਕੇ ਮਿਲਣ ਦਾ ਸਿਲਸਿਲਾ ਵੀ ਜਾਰੀ ਹੈ।  ਇਹੋ ਜਿਹਾ ਹੀ ਸਿਲਸਿਲਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹੁਰਾਂ ਨੇ ਵੀ ਤੋਰ ਰੱਖਿਆ ਹੈ, ਜਿਨ੍ਹਾਂ ਨੂੰ ਬੀਤੀ ਰਾਤ ਉਸ ਵੇਲੇ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮਾਨ ਆਪਣੇ ਹਲਕੇ ਸੰਗਰੂਰ ‘ਚ ਪੈਂਦੇ ਪਿੰਡ ਘਾਬਦਾਂ ਵਿਖੇ ਵੋਟਾਂ ਮੰਗਣ ਗਏ। ਇਸ ਮੌਕੇ ਕੁਝ ਲੋਕਾਂ ਨੇ ਨਾ ਸਿਰਫ ਭਗਵੰਤ ਮਾਨ ਦਾ ਭਾਰੀ ਵਿਰੋਧ ਕੀਤਾ, ਬਲਕਿ ਉਹ ਲੋਕ ਤੁਰੇ ਜਾਂਦੇ ਮਾਨ ਦੇ ਪਿੱਛੇ ਪਿੱਛੇ ਮੁਰਦਾਬਾਦ ਮੁਰਦਾਬਾਦ ਦੇ ਉਦੋਂ ਤੱਕ ਨਾਅਰੇ ਲਾਂਉਦੇ ਰਹੇ, ਜਦੋਂ ਤੱਕ ਉਹ ਆਪਣੀ ਗੱਡੀ ‘ਚ ਬੈਠ ਕੇ ਉੱਥੋਂ ਚਲੇ ਨਹੀਂ ਗਏ।

ਇਸ ਦੌਰਾਨ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਇਸ ਘਟਨਾ ਨੂੰ ਆਪਣੇ ਮੋਬਾਇਲ ਦੇ ਕੈਮਰੇ ਵਿੱਚ ਕੈਦ ਕਰਕੇ ਵੀਡੀਓ ਬਣਾ ਲਈ ਜਿਹੜੀ ਕਿ ਹੁਣ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੁੱਲ 32 ਸਕਿੰਡ ਦੀ ਇਹ ਵੀਡੀਓ ਰਾਤ ਸਮੇਂ ਬਣਾਈ ਹੈ ਜਿਸ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਭਗਵੰਤ ਮਾਨ ਪੈਦਲ ਹੀ ਅੱਗੇ ਅੱਗੇ ਤੁਰੇ ਜਾ ਰਹੇ ਹਨ ਅਤੇ ਲੋਕ ਪਿੱਛੇ ਪਿੱਛੇ ਅਵਾਜਾਂ ਮਾਰਦੇ ਇਹ ਪੁੱਛ ਰਹੇ ਹਨ ਕਿ, “ਜਵਾਬ ਤਾਂ ਦੇ ਜਾ, ਆ ਜਾ ਹੁਣ? ਓਏ! ਜਵਾਬ ਤਾਂ ਦੇ ਜਾ।” ਫਿਰ ਮਾਨ ਦੇ ਖਿਲਾਫ ਹੋਣੀ ਸ਼ੁਰੂ ਹੁੰਦੀ ਹੈ, ਨਾਅਰੇਬਾਜ਼ੀ। ਨਾਅਰੇ ਲਾਉਣ ਵਾਲਿਆਂ ‘ਚ ਸਿਰਫ ਇੱਕ ਦੋ ਲੋਕ ਹੀ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾ ਰਹੇ ਹੁੰਦੇ ਹਨ, ਪਰ ਵੀਡੀਓ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ, ਕਿ ਜਿਵੇ ਬਾਕੀਆਂ ਨੂੰ ਤਾਂ ਇਹ ਵੀ ਸਮਝ ਨਹੀਂ ਆ ਰਹੀ ਕਿ ਉਹ ਨਾਅਰੇ ਕਿਵੇਂ ਲਾਉਣ? ਲਿਹਾਜਾ ਮੁਰਦਾਬਾਦ ਮੁਰਦਾਬਾਦ ਕਰਦੇ ਮਾਨ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਹਨ। ਵੀਡੀਓ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਮਾਨ ਦਾ ਸੁਰੱਖਿਆ ਅਮਲਾ ਉਨ੍ਹਾਂ ਨੂੰ ਲੋਕਾਂ ਤੋਂ ਬਚਾ ਕੇ ਗੱਡੀ ‘ਚ ਬਿਠਾਉਂਦਾ ਹੈ, ਤੇ ਭਗਵੰਤ ਮਾਨ ਦੀ ਵੱਡੀ ਸਾਰੀ ਗੱਡੀ ਰਾਤ ਦੇ ਹਨੇਰੇ ਵਿੱਚ ਧੂੰਆ ਛੱਡਦੀ ਪਿੰਡ ਨੂੰ ਪਿੱਛੇ ਛੱਡ ਆਪਣੇ ਅਗਲੇ ਮੁਕਾਮ ਵੱਲ ਵਧ ਜਾਂਦੀ ਹੈ।

ਲੋਕਾਂ ਨੇ ਇਹ ਵਿਰੋਧ ਕਿਉਂ ਕੀਤਾ ਤੇ ਨਾਅਰੇਬਾਜ਼ੀ ਕਰਨ ਦਾ ਕੀ ਕਾਰਨ ਸੀ? ਇਹ ਤਾਂ ਅਜੇ ਸਾਫ ਨਹੀਂ ਹੋ ਪਾਇਆ ਹੈ, ਪਰ ਇਸ ਮੌਕੇ ਬਣਾਈ ਗਈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਨ ਦੇ ਵਿਰੋਧੀ ਹੁਣ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਵਿੱਚ ਫੈਲਾਉਣ ਦੀਆਂ ਕੋਸ਼ਿਸ਼ਾਂ ਵਿੱਚ ਹਨ। ਹਾਲਾਤ ਇਹ ਹਨ, ਕਿ ਵਾਇਰਲ ਹੋਈ ਤੇ ਕੀਤੀ ਜਾ ਰਹੀ ਇਸ ਵੀਡੀਓ ਰਾਹੀਂ ਵਿਰੋਧੀ ਆਉਣ ਵਾਲੇ ਦਿਨਾਂ ਵਿੱਚ ਵੋਟਰਾਂ ਨੂੰ ਇਹ ਦੱਸਣ ਦੀ ਰਣਨੀਤੀ ਤਿਆਰ ਕਰਨ ਵਿੱਚ ਰੁੱਝ ਗਏ ਹਨ, ਕਿ ਭਗਵੰਤ ਮਾਨ ਨੂੰ ਤਾਂ ਹੁਣ ਕੋਈ ਪਸੰਦ ਹੀ ਨਹੀਂ ਕਰਦਾ। ਹੁਣ ਵੀਡੀਓ ਦੇਖਣ ਤੋਂ ਬਾਅਦ ਭਗਵੰਤ ਮਾਨ ਇਸ ‘ਤੇ ਕੀ ਪ੍ਰਤੀਕਿਰਿਆ ਦਿੰਦੇ ਹਨ, ਇਹ ਵੇਖਣਾ ਬਹੁਤ ਦਿਲਚਸਪ ਹੋਵੇਗਾ।

 

Facebook Comments
Facebook Comment