• 2:34 pm
Go Back

ਤਰਨ ਤਾਰਨ : ਪੰਜਾਬ ਵਿੱਚ ਔਰਤਾਂ ਦੀਆਂ ਗੁੱਤਾਂ ‘ਤੇ ਹੋ ਰਹੇ ਹਮਲਿਆਂ ਤੋਂ ਬਾਅਦ ਹੁਣ ਹਮਲਾਵਰਾਂ ਨੇ ਅਗਲਾ ਨਿਸ਼ਾਨਾ ਔਰਤਾਂ ਦੀਆਂ ਸਲਵਾਰਾਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਜੀਬੋ ਗਰੀਬ ਸ਼ੌਕ ਰੱਖ  ਰਹੇ ਇਨ੍ਹਾਂ ਹਮਲਾਵਰਾਂ ਦੀ ਦਹਿਸ਼ਤ ਇੰਨੀ ਪੈਦਾ ਹੋ ਗਈ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਇਹ ਘਟਨਾਵਾਂ ਵਾਪਰ ਰਹੀਆਂ ਹਨ ਦਹਿਸ਼ਤ ਦੇ ਮਾਰੇ ਉਸ ਇਲਾਕੇ ਦੀਆਂ ਔਰਤਾਂ ਨੇ ਸਲਵਾਰਾ ਪਾਉਣਾ ਤਿਆਗ ਕੇ ਇਸ ਦਾ ਕੋਈ ਹੋਰ ਬਦਲ ਲੱਭਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਇਹ ਸੌ ਆਨੇ ਸੱਚ ਹੈ, ਤੇ ਇਹ ਘਟਨਾਵਾਂ ਵਾਪਰ ਰਹੀਆਂ ਹਨ ਇੱਥੋਂ ਦੇ ਪਿੰਡ ਰਾਮਪੁਰ ਵਿੱਚ ਜਿੱਥੇ ਅਣਜਾਣ ਲੋਕ ਸੋਨਾ, ਚਾਂਦੀ, ਨਕਦੀ ਜਾਂ ਹੋਰ ਕੀਮਤੀ ਸਮਾਨ ਚੋਰੀ ਕਰਨ ਦੇ ਬਜਾਏ ਔਰਤਾਂ ਦੀਆਂ ਸਲਵਾਰਾਂ ਨੂੰ ਭੱਜ ਭੱਜ ਪੈ ਰਹੇ ਹਨ। ਹਾਲਾਤ ਇਹ ਹਨ ਕਿ ਇਨ੍ਹਾਂ ਅਜੀਬੋ ਗਰੀਬ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਜਿਨ੍ਹਾਂ ਔਰਤਾਂ ਦੀਆਂ ਸਲਵਾਰਾਂ ਚੋਰੀ ਹੋ ਚੁਕੀਆਂ ਹਨ ਉਹ ਇਸ ਨੂੰ ਭਾਰੀ ਬਦਨਾਮੀ ਮੰਨਦੇ ਹੋਏ ਨਾ ਤਾਂ ਕਿਸੇ ਨੂੰ ਸ਼ਿਕਾਇਤ ਕਰ ਰਹੀਆਂ ਹਨ ਤੇ ਨਾ ਹੀ ਇਸ ਗੱਲ ਨੂੰ ਦੱਬ ਪਾ ਰਹੀਆਂ ਹਨ, ਬੱਸ ਅੰਦਰੋਂ ਅੰਦਰੀ ਕੁੜ੍ਹਦੀਆਂ ਇਹ ਸੋਚਣ ਲਈ ਮਜ਼ਬੂਰ ਹਨ ਕਿ ਕੋਈ ਉਨ੍ਹਾਂ ਦੀਆਂ ਸਲਵਾਰਾਂ ਦਾ ਕੀ ਕਰੇਗਾ?

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਪਿੰਡ ਰਾਮਪੁਰ ਵਾਸੀ ਇੱਕ ਔਰਤ ਨੇ ਦੱਸਿਆ ਕਿ ਉਸ ਨੇ ਇੱਕ ਅਜਿਹੇ ਲੜਕੇ ਨੂੰ ਸਲਵਾਰਾਂ ਚੋਰੀ ਕਰਨ ਆਉਂਦਿਆਂ ਦੇਖਿਆ ਜਿਸ ਨੇ ਕਿ ਆਪਣਾ ਮੂੰਹ ਸਿਰ ਢਕ ਰੱਖਿਆ ਸੀ। ਜਿਹੜਾ ਕਿ ਸਲਵਾਰਾਂ ਚੋਰੀ ਕਰਕੇ ਦੌੜ ਰਿਹਾ ਸੀ। ਉਸ ਔਰਤ ਨੇ ਦੱਸਿਆ ਕਿ ਮੌਕੇ ‘ਤੇ ਉਹ ਚੋਰ ਤਾਂ ਨਹੀਂ ਫੜਿਆ ਜਾ ਸਕਿਆ ਪਰ ਉਹ ਚੋਰੀ ਕਰਕੇ ਲਿਜਾ ਰਹੀਆਂ ਸਲਵਾਰਾਂ ਉੱਥੇ ਜਰੂਰ ਸੁੱਟ ਗਿਆ ਜਿਨ੍ਹਾਂ ਦਾ ਹੁਣ ਉਹ ਲੋਕ ਤੇਲ ਪਾ ਕੇ ਸੰਸਕਾਰ ਕਰਨ ਦੀ ਸੋਚ ਰਹੇ ਹਨ। ਪੀੜਤ ਔਰਤ ਨੇ ਮੰਗ ਕੀਤੀ ਕਿ ਅਜਿਹੇ ਸਲਵਾਰ ਚੋਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਹਰੇਕ ਦੇ ਘਰ ਧੀਆਂ ਭੈਣਾਂ ਹਨ ਤੇ ਜਿਹੜਾ ਬੰਦਾ ਘਰ ਵੜ ਕੇ ਸਲਵਾਰਾਂ ਚੋਰੀ ਕਰਕੇ ਲਿਜਾ ਸਕਦਾ ਹੈ ਉਹ ਭਵਿੱਖ ਵਿੱਚ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦਾ ਹੈ।

ਇਸੇ ਪਿੰਡ ਦੇ ਇੱਕ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਲਵਾਰ ਚੋਰਾਂ ਦੀ ਗਿਣਤੀ 3 ਹੈ ਤੇ ਉਨ੍ਹਾਂ ਨੇ ਇਨ੍ਹਾਂ ਦਾ ਪਿੱਛਾ ਕਰਕੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਹ ਪਿੰਡ ਵਿੱਚੋਂ ਪਹਿਲਾਂ ਚੋਰੀ ਕੀਤੀਆਂ 10-12 ਸਲਵਾਰਾਂ ਉੱਥੇ ਹੀ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਨੌਜਵਾਨ ਅਨੁਸਾਰ ਪਹਿਲਾਂ ਤਾਂ ਉਨ੍ਹਾਂ ਨੇ ਇਨ੍ਹਾਂ ਸਲਵਾਰਾਂ ਦਾ ਸੰਸਕਾਰ ਕਰਨ ਦੀ ਸੋਚੀ, ਪਰ ਬਾਅਦ ਵਿੱਚ ਪਿੰਡ ਦੇ ਬਜ਼ੁਰਗਾਂ ਦੀ ਸਲਾਹ ਤੇ ਉਹ ਇਨ੍ਹਾਂ ਸਲਵਾਰਾਂ ਨੂੰ ਕਿਸੇ ਠੰਡੀ ਜਗ੍ਹਾ ‘ਤੇ ਪਾ ਕੇ ਆਏ ਹਨ। ਇਸ ਨੌਜਵਾਨ ਅਨੁਸਾਰ ਅਜਿਹੀਆਂ ਵਾਰਦਾਤਾਂ ਇਸ ਪਿੰਡ ਅੰਦਰ ਪਿਛਲੇ ਇੱਕ ਮਹੀਨੇ ਤੋਂ ਹੋ ਰਹੀਆਂ ਹਨ ਪਰ ਇਸ ਬਾਰੇ ਲੋਕਾਂ ਨੇ ਖੁੱਲ੍ਹ ਕੇ ਹੁਣ ਦੱਸਣਾ ਸ਼ੁਰੂ ਕੀਤਾ ਹੈ।

ਪਿੰਡ ਰਾਮਪੁਰ ਦੇ ਹੀ ਇੱਕ ਹੋਰ ਵਿਅਕਤੀ ਅਨੁਸਾਰ ਇਹ ਜਰੂਰ ਨਸ਼ੇੜੀਆਂ ਦਾ ਕੰਮ ਹੈ ਜਿਹੜੇ ਕਿ ਸਲਵਾਰਾਂ ਚੋਰੀ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ ਤਾਂ ਕਿ ਉਹ ਇਸ ਚੱਕਰ ਵਿੱਚ ਘਰ ਦਾ ਕੀਮਤੀ ਸਮਾਨ ਉਡਾ ਕੇ ਲੈ ਜਾਣ।

ਇੱਧਰ ਦੂਜੇ ਪਾਸੇ ਜਦੋਂ ਥਾਣਾ ਵੈਰੋਵਾਲ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਇਨ੍ਹਾਂ ਅਜੀਬੋ ਗਰੀਬ ਚੋਰੀਆਂ ਬਾਰੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ, ਪਰ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਇਸ ਦੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਜਰੂਰ ਲਿਆਂਦੀ ਜਾਵੇਗੀ।

ਕੁਝ ਵੀ ਹੋਵੇ ਇਹ ਇੱਕ ਅਜਿਹੀ ਘਟਨਾ ਹੈ ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪਰ ਸਵਾਲ ਇਹ ਹੈ ਕਿ ਕੋਈ ਕਿਸੇ ਦੀ ਸਲਵਾਰ ਨੂੰ ਲਿਜਾ ਕੇ ਕੀ ਕਰੇਗਾ? ਉਹ ਵੀ  ਇੱਕ ਦੋ ਨਹੀਂ ਬਲਕਿ ਦਰਜਨਾਂ ਸਲਵਾਰਾਂ, ਤੇ ਉਹ ਵੀ ਚੋਰੀ ਵਰਗੇ ਜੋਖਮ ਭਰੇ ਕੰਮ ਨਾਲ ਹਾਸਲ ਕਰਕੇ? ਸਵਾਲ ਟੇਡੇ ਹਨ ਤੇ ਜਵਾਬ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੇ। ਹੁਣ ਵੇਖਣਾ ਇਹ ਹੋਵੇਗਾ ਕਿ ਪਿੰਡ ਵਾਲੇ ਸਲਵਾਰਾਂ ਰੂਪੀ ਆਪਣੀ ਇੱਜ਼ਤ ਬਚਾਉਣ ਲਈ ਖੁੱਲ੍ਹ ਕੇ ਸਾਹਮਣੇ ਆਉਂਦਿਆਂ ਪੁਲਿਸ ਵਿੱਚ ਸ਼ਿਕਾਇਤ ਕਰਦੇ ਹਨ ਜਾਂ ਫਿਰ ਕਾਲੇ ਕੱਛੇ ਵਾਲਿਆਂ ਤੋਂ ਬਚਾਅ ਲਈ ਲਾਏ ਜਾਣ ਵਾਲੇ ਠੀਕਰੀ ਪਹਿਰੇ ਹੁਣ ਇੱਥੇ ਸਲਵਾਰ ਚੋਰਾਂ ਵਾਲੇ ਠੀਕਰੀ ਪਹਿਰਿਆਂ ‘ਚ ਤਬਦੀਲ ਹੋ ਜਾਣਗੇ।

 

Facebook Comments
Facebook Comment